ਚੰਡੀਗੜ੍ਹ 1ਅਗਸਤ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਨਾਮਵਰ ਸਾਹਿਤਕਾਰ ਡਾ. ਹਰੀਸ਼ ਗਰੋਵਰ ਦੀ ਪੁਸਤਕ “ਮੌਸਮ ਠਹਿਰ ਗਿਐ…” ਹੋਈ ਲੋਕ ਅਰਪਣ । ਉੱਘੇ ਸਾਹਿਤਕਾਰ ਡਾ. ਅਮਰਜੀਤ ਸਿੰਘ ਕੌਂਕੇ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਸਭਾ ਦੀ ਸੰਸਥਾਪਕ/ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਮੋਹ ਭਿੱਜੇ ਸ਼ਬਦਾਂ ਨਾਲ ਸਭ ਦਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਮੀਤ ਪ੍ਰਧਾਨ ਅਤੇ ਹੱਸਮੁੱਖ ਸੁਭਾਅ ਦੀ ਮਾਲਕਣ ਮੀਤਾ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਇਸ ਮੌਕੇ ਡਾ.ਅਮਰਜੀਤ ਸਿੰਘ ਕੌਂਕੇ ਵੱਲੋਂ ਵਿਸਥਾਰ ਵਿੱਚ ਪੁਸਤਕ ਤੇ ਪਰਚਾ ਪੜ੍ਹਿਆ ਗਿਆ। ਸਾਹਿਤਕਾਰਾ ਹਰਜਿੰਦਰ ਕੌਰ ਸੱਧਰ ਨੇ ਪੁਸਤਕ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਅਣਗੌਲੇ ਸਾਹਿਤਕਾਰਾਂ ਨੂੰ ਅੱਗੇ ਤੋਂ ਉਨ੍ਹਾਂ ਦਾ ਬਣਦਾ ਸਤਿਕਾਰ ਮਿਲੇ। ਸਾਹਿਤਕਾਰ ਡਾ. ਹਰੀਸ਼ ਗਰੋਵਰ ਵੱਲੋਂ ਉਨ੍ਹਾਂ ਦੀ ਪੁਸਤਕ “ਮੌਸਮ ਠਹਿਰ ਗਿਐ…” ਦੇ ਲੋਕ ਅਰਪਣ ਤੇ ਹਾਜ਼ਰੀਨ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪੁਸਤਕ ਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਦੂਜੇ ਪੜਾਅ ਵਿੱਚ ਸਾਵਣ ਕਵੀ ਦਰਬਾਰ ਕੀਤਾ ਗਿਆ। ਹਾਜ਼ਰ ਕਵੀਆਂ ਵਿੱਚ ਡਾ. ਅਮਰਜੀਤ ਸਿੰਘ ਕੌਂਕੇ, ਡਾ.ਹਰਜੀਤ ਸਿੰਘ ਸੱਧਰ, ਨਾਮਵਰ ਗਜ਼ਲਗੋ ਅਮਰਜੀਤ ਸਿੰਘ ਜੀਤ, ਐਡਵੋਕੇਟ ਹਰਸਿਮਰਤ ਕੌਰ, ਨਾਮਵਰ ਕਵਿੱਤਰੀ ਪਰਜਿੰਦਰ ਕੌਰ ਕਲੇਰ, ਅੰਜੂ ਬਾਲਾ, ਗੀਤਕਾਰ ਮੰਗਤ ਖਾਨ, ਉੱਘੇ ਗਜ਼ਲਗੋ ਜਸਪਾਲ ਦਸੂਹੀ,ਆਸ਼ਾ ਸ਼ਰਮਾ , ਗਗਨਦੀਪ ਕੌਰ , ਸਰਬਜੀਤ ਕੌਰ ਹਾਜ਼ੀਪੁਰ, ਰਾਜਬੀਰ ਕੌਰ ਗਰੇਵਾਲ, ਅੰਜੂ ਅਮਨਦੀਪ ਗਰੋਵਰ ਅਤੇ ਰਵਿੰਦਰ ਕੌਰ ਭਾਟੀਆ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਅਖ਼ੀਰ ਵਿੱਚ ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਅਤੇ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸਾਰੇ ਹੀ ਹਾਜ਼ਰੀਨ ਕਵੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਡਾ ਹਰੀਸ਼ ਗਰੋਵਰ ਨੂੰ ਉਨ੍ਹਾਂ ਦੀ ਪੁਸਤਕ ਦੇ ਲੋਕ ਅਰਪਣ ਲਈ ਇੱਕ ਵਾਰੀ ਫ਼ਿਰ ਤੋਂ ਮੁਬਾਰਕਬਾਦ ਦਿੱਤੀ ਗਈ। ਮੰਚ ਸੰਚਾਲਨ ਸਰਬਜੀਤ ਕੌਰ ਹਾਜ਼ੀਪੁਰ ਅਤੇ ਰਾਜਬੀਰ ਕੌਰ ਬੀਰ ਗਰੇਵਾਲ ਵੱਲੋਂ ਬਾਖੂਬੀ ਨਿਭਾਇਆ ਗਿਆ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੇ ਹੋਏ ਸੰਪਨ ਹੋਇਆ।