ਚੰਡੀਗੜ੍ਹ,30 ਮਈ, (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲ਼ਫਾਜ਼ ਸਾਹਿਤ ਸਭਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਂਝੇ ਯਤਨਾਂ ਸਦਕਾ ਕੀਤੇ ਜਾਣ ਵਾਲੇ ਮਹੀਨਾਵਾਰ ਪ੍ਰੋਗਰਾਮ ਵਿੱਚ ਇਸ ਵਾਰ ਜੂਨ ਦੇ ਮਹੀਨੇ ਸ਼੍ਰੋਮਣੀ ਕਵੀ,ਪਦਮ ਸ੍ਰੀ ਡਾ.ਸੁਰਜੀਤ ਪਾਤਰ ਜੀ ਨੂੰ ਵੱਖ ਵੱਖ ਕਲਮਕਾਰਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤਾ ਗਏ। ਇਹ ਪ੍ਰੋਗਰਾਮ ਪਿਛਲੀ ਦਿਨੀਂ 25 ਮਈ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸਹਿ ਨਿਰਦੇਸ਼ਕ ਡਾ.ਤਜਿੰਦਰ ਸਿੰਘ ਗਿੱਲ ਅਤੇ ਮਹਿਕਦੇ ਅਲ਼ਫਾਜ਼ ਦੀ ਸਰਪ੍ਰਸਤ ਡਾ. ਗੁਰਚਰਨ ਕੌਰ ਕੋਚਰ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਦੁਨੀਆਂ ਭਰ ਵਿੱਚੋਂ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਆਪਣੀ ਸ਼ਾਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਸਕੱਤਰ ਜਨਰਲ ਅਮਨਬੀਰ ਸਿੰਘ ਧਾਮੀ ਅਤੇ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਵਲੋਂ ਬੜੇ ਭਾਵਪੂਰਕ ਸ਼ਬਦਾਂ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਗੁਰਚਰਨ ਕੌਰ ਕੋਚਰ ਨੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਦੀ ਸ਼ਖ਼ਸ਼ੀਅਤ, ਆਪਣੇ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ , ਉਨ੍ਹਾਂ ਨੂੰ ਇਕ ਯੁੱਗ ਕਵੀ ਦੱਸਦਿਆਂ ਹੋਇਆ ਕਿਹਾ ਕਿ, ਉਹਨਾਂ ਦਾ ਸਰੀਰਕ ਵਿਛੋੜਾ, ਸਾਹਿਤ ਜਗਤ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਦੱਸਿਆ ਕਿ ਅੰਤਿਮ ਸੰਸਕਾਰ ਸਮੇਂ ਦਿੱਤਾ ਗਿਆ ਸਰਕਾਰੀ ਮਾਣ ਸਨਮਾਨ ਵੀ ਉਹਨਾਂ ਦੀ ਬੇਮਿਸਾਲ ਕਾਵਿ ਸਫ਼ਰ ਅਤੇ ਚੰਗੀ ਸ਼ਖਸੀਅਤ ਨੂੰ ਦਰਸਾਉਂਦਾ ਹੈ। ਨਾਮਵਰ ਸਾਹਿਤਕਾਰ ਤ੍ਰੈਲੋਚਨ ਲੋਚੀ ਨੇ ਉਹਨਾਂ ਨੂੰ ਸਮਰਪਿਤ, ਆਪਣੀ ਲਿਖੀ ਗਜ਼ਲ ” ਮੰਜ਼ਿਲ ਉਦਾਸ ਹੋਈਆਂ ਰਸਤੇ ਉਦਾਸ ਹੋਏ” ਬਾਖ਼ੂਬੀ ਗਾਈ ਅਤੇ ਸਭ ਨੂੰ ਭਾਵੁਕ ਕਰ ਦਿੱਤਾ। ਉਪਰੰਤ ਭਾਸ਼ਾ ਵਿਭਾਗ ਪੰਜਾਬ ਦੇ ਸਹਿ ਨਿਰਦੇਸ਼ਕ ਸ. ਤਜਿੰਦਰ ਸਿੰਘ ਗਿੱਲ ਨੇ ਆਪਣੇ ਭਾਵੁਕ ਸ਼ਬਦਾਂ ਰਾਹੀਂ ਪਾਤਰ ਜੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਨੇ ਪਾਤਰ ਸਾਹਿਬ ਨੂੰ ਪੰਜਾਬੀ ਮਾਂ ਬੋਲੀ ਦਾ ਅਣਥੱਕ ਸੇਵਕ ਦੱਸਿਆ। ਕਨੇਡਾ ਵਿੱਚ ਵੱਸਦੀ ਸਾਹਿਤਕਾਰਾ ਗੁਰਦੀਸ਼ ਗਰੇਵਾਲ ਵੱਲੋਂ ਆਪਣੀ ਰਚਨਾ ਦੁਆਰਾ ਡਾ. ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਸ਼ਵ ਪੰਜਾਬੀ ਸਭਾ ਦੇ ਸੰਸਥਾਪਕ ਡਾ.ਦਲਬੀਰ ਸਿੰਘ ਕਥੂਰੀਆ ਨੇ ਸੁਰਜੀਤ ਪਾਤਰ ਜੀ ਨੂੰ ਬਹੁਤ ਹੀ ਮਿਲਨਸਾਰ ,ਹਲੀਮੀ ਵਾਲਾ ਅਤੇ ਸ਼ਬਦਾਂ ਦਾ ਜਾਦੂਗਰ ਦੱਸਿਆ ਅਤੇ ਆਪਣੇ ਸ਼ਬਦਾਂ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।ਨਾਮਵਰ ਸਾਹਿਤਕਾਰਾਂ ਡਾ. ਸਤਿੰਦਰ ਕੌਰ ਕਾਹਲੋ ਨੇ ਪਾਤਰ ਸਾਹਿਬ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਕਨੇਡਾ ਤੋਂ ਲਹਿੰਦੇ ਪੰਜਾਬ ਦੇ ਨਾਮਵਰ ਸਾਹਿਤਕਾਰ ਮਕਸੂਦ ਚੌਧਰੀ ਨੇ ਆਪਣੇ ਸ਼ਬਦਾਂ ਨਾਲ ਸੁਰਜੀਤ ਪਾਤਰ ਨੂੰ ਸ਼ਰਧਾਜਲੀ ਦਿੱਤੀ। ਸ਼ਾਇਰਾ ਸਰਬਜੀਤ ਕੌਰ ਹਾਜੀਪੁਰ ਨੇ ਪਾਤਰ ਸਾਹਿਬ ਜੀ ਦੁਆਰਾ ਕਾਵਿ ਉਚਾਰਨ ਲਈ ਦਿੱਤੀ ਅਗਵਾਈ ਬਾਰੇ ਦੱਸਿਆ ਅਤੇ ਭਾਵੁਕ ਕਰ ਦੇਣ ਵਾਲੀ ਰਚਨਾ ਪੇਸ਼ ਕੀਤੀ। ਸ਼ਾਇਰਾ ਸਤਿੰਦਰ ਕੌਰ ਨੇ ਪਾਤਰ ਸਾਹਿਬ ਨਾਲ ਆਪਣੀਆਂ ਯਾਦਾਂ ਨੂੰ ਸਾਂਝਾਂ ਕੀਤਾ ਤੇ ਅਪਣੀ ਇੱਕ ਰਚਨਾ ਸੁਣਾਈ । ਸਭਾ ਦੀ ਮੁੱਖ ਸਲਾਹਕਾਰ ਅਤੇ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਮੀਤਾ ਖੰਨਾ ਨੇ ‘ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ‘ ਗ਼ਜ਼ਲ ਰਾਹੀਂ ਪਾਤਰ ਸਾਹਿਬ ਨੂੰ ਆਪਣੀ ਸ਼ਰਧਾਂਜਲੀ ਦਿੱਤੀ । ਮੰਗਤ ਖਾਨ ਜੀ ਨੇ ਸੁਰਜੀਤ ਪਾਤਰ ਜੀ ਦੀ ਇੱਕ ਨਜ਼ਮ ਨੂੰ ਆਪਣੀ ਪਿਆਰੀ ਆਵਾਜ਼ ਵਿੱਚ ਗਾਇਆ ਅਤੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਗਜ਼ਲਗੋ ਸ. ਗੁਰਚਰਨ ਸਿੰਘ ਜੋਗੀ ਨੇ “ ਬੁਝਾਉਂਦਾ ਪਿਆਸ ਸਭਨਾਂ ਦੀ ਤੇ ਸੀਤਲ ਨੀਰ ਸੀ ਪਾਤਰ , ਸਦਾ ਗਹਿਰਾ ਹੀ ਲਿਖਦਾ ਸੀ ਬੜਾ ਗੰਭੀਰ ਸੀ ਪਾਤਰ “ ਇਸ ਰਚਨਾ ਰਾਹੀਂ ਪਾਤਰ ਸਾਹਿਬ ਦੀ ਸ਼ਖ਼ਸ਼ੀਅਤ ਅਤੇ ਉਨ੍ਹਾਂ ਦੇ ਕਾਵਿ ਗੁਣਾਂ ਬਾਰੇ ਦੱਸਿਆ।ਪਰਵੀਨ ਸਿੱਧੂ, ਰਾਜਬੀਰ ਕੌਰ ਗਰੇਵਾਲ , ਰਣਜੀਤ ਸਿੰਘ ਅਤੇ ਹੋਰ ਸ਼ਾਮਿਲ ਕਵੀ ਕਵਿਤਰੀਆਂ ਨੇ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ। ਮਹਿਕਦੇ ਅ਼ਲਫਾਜ਼ ਸਭਾ ਦੇ ਸਕੱਤਰ ਜਨਰਲ ਅਤੇ ਨਾਮਵਾਰ ਸਾਹਿਤਕਾਰ ਅਮਨਬੀਰ ਸਿੰਘ ਧਾਮੀ ਨੇ ਆਪਣੀ ਸੁਰਜੀਤ ਪਾਤਰ ਨੂੰ ਸਮਰਪਿਤ ਗਜ਼ਲ ਸੁਣਾਈ ਅਤੇ ਆਪਣੇ ਵੱਲੋਂ ਸ਼ਰਧਾਂਜਲੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਸਭਾ ਦੀ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਡਾ .ਸੁਰਜੀਤ ਪਾਤਰ ਜੀ ਦੀਆਂ ਲਿਖਤਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਅੰਦਰਲੀ ਨਿਮਰਤਾ, ਹਲੀਮੀ ਅਤੇ ਦੂਸਰਿਆਂ ਦਾ ਹੌਂਸਲਾ ਵਧਾਉਣ ਵਾਲੀ ਭਾਵਨਾ ਬਾਰੇ ਦੱਸਿਆ। ਉਹਨਾਂ ਕਿਹਾ ਕਿ ਡਾ. ਸੁਰਜੀਤ ਪਾਤਰ ਸਾਡੇ ਸਭ ਦੇ ਦਿਲਾਂ ਵਿੱਚ, ਮਨਾਂ ਵਿੱਚ, ਸ਼ਬਦਾਂ ਵਿੱਚ, ਗੀਤਾਂ ਵਿੱਚ ਹਮੇਸ਼ਾ ਜਿੰਦਾ ਰਹਿਣਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਡਾ. ਜਗਮੋਹਨ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸੰਪਾਦਿਤ ਕਾਵਿ ਪੁਸਤਕ ‘ਮਹਿਕਦੇ ਅਲ਼ਫਾਜ਼’ ਦੇ ਵਿੱਚ ਪਲੇਠੀ ਰਚਨਾ ਡਾ. ਸੁਰਜੀਤ ਪਾਤਰ ਜੀ ਦੀ ਹੈ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਅਨੇਕਾਂ ਸ਼ਖ਼ਸੀਅਤਾਂ ਨੇ ਭਾਗ ਲਿਆ ਅਤੇ ਆਪਣੇ ਸ਼ਬਦਾਂ ਅਤੇ ਰਚਨਾਵਾਂ ਦੁਆਰਾ ਡਾ. ਸੁਰਜੀਤ ਪਾਤਰ ਜੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ।