ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਇਹਨਾਂ ਕੱਚੀਆਂ ਕਲੀਆਂ ’ਤੇ ਫੁੱਲਾਂ ’ਤੇ ਨੂਰ ਸੋਹਣਾ ਖਿੜਿਆਂ ਏ, ਇਹਨਾਂ ਕੋਰੇ ਕਾਗਜ਼ ਨੂੰ ਕਿਤੇ ਕੋਈ ਲੁੱਟ ਨਾ ਜਾਵੇ|’ ਉਪਰੋਕਤ ਸਤਰਾਂ ਨੂੰ ਆਧਾਰ ਮੰਨਦਿਆਂ ਸਥਾਨਕ ਮੁਕਤਸਰ ਰੋਡ ’ਤੇ ਸਥਿੱਤ ਦਾ ਬਲੂਮਿੰਗੇਲ ਸਕੂਲ ਵਿੱਚ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਮਹਿਲਾ ਸੈੱਲ ਕੋਟਕਪੂਰਾ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਦੇ ਰਣਦੇਵ ਸੈਕਟਰੀ (ਸਾਂਝ ਸੁਸਾਇਟੀ), ਗਿਆਨ ਕੌਰ, ਕਿਰਨਦੀਪ ਕੌਰ, ਧਰਮਦੀਪ ਕੌਰ ਅਤੇ ਮਹਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ| ਸਕੂਲ ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਇਹਨਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ| ਸੈਮੀਨਾਰ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਿਲ ਹੋਏ| ਉਕਤ ਸੈਮੀਨਾਰ ’ਚ ਪੂਰੀ ਟੀਮ ਵਲੋਂ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਉਹਨਾਂ ਦੀ ਆਪਣੀ ਆਪ ਰੱਖਿਆ, ਕਿਸੇ ਅਣਜਾਣ ਵਿਅਕਤੀ ਵੱਲੋਂ ਛੂਹਣ ਦੀ ਸਹੀ ਅਤੇ ਗਲਤ ਨੀਅਤ ਪ੍ਰਤੀ ਜਾਗਰੂਕ ਕੀਤਾ ਗਿਆ| ਇਸ ਸੈਮੀਨਾਰ ਵਿੱਚ ਦੱਸਿਆ ਗਿਆ ਕਿ ਵਿਦਿਆਰਥੀਆਂ ਆਪਣੇ-ਆਪ ਨੂੰ ਕਿਸੇ ਅਣਜਾਣ ਤੋਂ ਕਿਵੇਂ ਬਚਾਅ ਸਕਦੇ ਹਨ| ਸੈਮੀਨਾਰ ਦੇ ਅੰਤ ਵਿੱਚ ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਆਈ ਹੋਈ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸ਼ਖਸ਼ੀਅਤਾਂ ਦੀ ਸਹਿਯੋਗ ਨਾਲ ਸਮਾਜ ਨੂੰ ਸਹੀ ਸੇਧ ਮਿਲਦੀ ਹੈ, ਵਿਦਿਆਰਥੀਆਂ ਵਿੱਚ ਆਪਣੇ-ਆਪ ਦੀ ਰੱਖਿਆ ਕਰਨ ਦਾ ਵੀ ਹੌਸਲਾ ਮਿਲਦਾ ਹੈ ਅਤੇ ਕੋਈ ਵੀ ਸਮਾਜ ਅਜਿਹੀਆਂ ਤਸਵੀਰਾਂ ਦੀ ਅਗਵਾਈ ਹੇਠ ਦਿਨ ਦੁੱਗਣੀ ਰਾਤ ਚੌਗੁਣੀ ਆਪਣੀ ਤਰੱਕੀ ਕਰਦਾ ਹੈ|