ਜਲੰਧਰ 9 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤਿ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਮਹਿੰਦਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਨੂੰ ਆਪਣੀ ਚੌਥੀ ਡਿਜੀਟਲ ਈ-ਬੁੱਕ ਦੇ ਰੂਪ ਵਿੱਚ ਮਿਤੀ 18 ਮਈ 2025 ਦਿਨ ਐਤਵਾਰ ਨੂੰ ਪਿੰਡ ਕੁੱਕੜਾਂ ਤਹਿ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਮਨਾਏ ਜਾ ਰਹੇ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਲੋਕ ਅਰਪਣ ਕਰਨਗੇ। ਇਹ ਡਿਜੀਟਲ ਈ-ਬੁੱਕ “ਹਰਸਰ ਪਬਲੀਕੇਸ਼ਨ” ਜਸਪ੍ਰੀਤ ਸਿੰਘ ‘ਜੱਸੀ’ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਜਾਵੇਗੀ।
ਸੂਦ ਵਿਰਕ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਪਹਿਲੇ ਤਿੰਨ ਕਾਵਿ ਸੰਗ੍ਰਹਿ, ਪਹਿਲਾ “ਸੱਚ ਦਾ ਹੋਕਾ” ਅਤੇ ਦੂਸਰਾ “ਸੱਚ ਕੌੜਾ ਆ” ਅਤੇ ਤੀਸਰਾ “ਸੱਚ ਵਾਂਗ ਕੱਚ” ਨੂੰ ਪਾਠਕਾਂ ਨੇ ਸਵੀਕਾਰਿਆ ਵੀ ਹੈ ਅਤੇ ਭਰਪੂਰ ਪਿਆਰ ਤੇ ਸਤਿਕਾਰ ਵੀ ਦਿੱਤਾ ਹੈ। ਸੂਦ ਵਿਰਕ ਨੇ ਕਿਹਾ ਕਿ ਲੇਖਕ ਲਈ ਸਰੋਤਿਆਂ ਦਾ ਪਿਆਰ ਹੀ ਉਸ ਦੀ ਅਸਲੀ ਪੂੰਜੀ ਹੁੰਦਾ ਹੈ ਅਤੇ ਇਸ ਪਿਆਰ ਅਤੇ ਸਤਿਕਾਰ ਸਦਕਾ ਹੀ ਉਹ ਇਹ ਚੌਥਾ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਤਿਆਰ ਕਰ ਪਾਏ ਹਨ। ਸੂਦ ਵਿਰਕ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜਿੰਨਾ ਯੋਗਦਾਨ ਪੰਜਾਬੀ ਲੇਖਕ ਦਾ ਹੁੰਦਾ ਉਸ ਤੋਂ ਕਈ ਗੁਣਾਂ ਵੱਧ ਯੋਗਦਾਨ ਪਾਠਕਾਂ ਅਤੇ ਸਰੋਤਿਆਂ ਦਾ ਹੁੰਦਾ ਹੈ।