ਫ਼ਗਵਾੜਾ 06 ਮਾਰਚ (ਅਸ਼ੋਕ ਸ਼ਰਮਾ/ ਚੇਤਨ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਇਆ ਲਾਈਵ ਕਵੀ ਦਰਬਾਰ ਮਾਂ ਬੋਲੀ ਪੰਜਾਬੀ ਦੀ ਮਿਠਾਸ ਭਰਪੂਰ ਸ਼ਾਨਦਾਰ ਹੋ ਨਿਬੜਿਆ ਅਤੇ ਸਰੋਤਿਆਂ ਦੇ ਵੱਲੋਂ ਮਿਲਿਆ ਭਰਵਾਂ ਹੁੰਗਾਰਾ। ਲੜੀਵਾਰ ਕਵੀ ਦਰਬਾਰ ਨੂੰ ਅੱਗੇ ਵਧਾਉਂਦੇ ਹੋਏ ਮਾਨਸਰੋਵਰ ਸਾਹਿਤਕ ਅਕਾਦਮੀ ਵੱਲੋਂ ਮਿਤੀ 05 ਮਾਰਚ ਦਿਨ ਬੁੱਧਵਾਰ 2025 ਨੂੰ ਸ਼ਾਮ 5 ਵਜੇ ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਕਵੀ ਡਾ.ਜੇ ਐਸ ਟਿੱਕਾ ਸਿੱਧੂ ਜੀ, ਮਨਪੀਤ ਕੌਰ ਭਾਟੀਆ ਜੀ, ਕਸ਼ਮੀਰ ਸਿੰਘ ਜੀ, ਸੁੱਚਾ ਸਿੰਘ ਲੇਹਲ ਜੀ, ਬਲਜੀਤ ਕੌਰ ਝੂਟੀ ਜੀ ਨੇ ਬਹੁਤ ਹੀ ਪਿਆਰ ਨਾਲ ਹਾਜ਼ਰੀ ਭਰੀ। ਕਵੀ ਦਰਬਾਰ ਦਾ ਆਗਾਜ਼ ਪ੍ਰੋਗਰਾਮ ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਮਾਂ ਬੋਲੀ ਪੰਜਾਬੀ ਦੇ ਮਿਠਾਸ ਭਰਪੂਰ ਬੋਲਾਂ ਦੇ ਨਾਲ ਸ਼ਾਨਦਾਰ ਅੰਦਾਜ਼ ਵਿੱਚ ਪੇਸ਼ ਕਰਕੇ ਕੀਤਾ। ਡਾ.ਜੇ ਐਸ ਟਿੱਕਾ ਸਿੱਧੂ ਜੀ ਨੇ ਆਪਣੀਆਂ ਤਿੰਨ ਬਾ-ਕਮਾਲ ਗ਼ਜ਼ਲਾਂ ਦੇ ਨਾਲ ਹਾਜ਼ਰੀ ਲਗਾਈ ਅਤੇ ਬਲਜੀਤ ਕੌਰ ਝੂਟੀ ਜੀ ਨੇ ਦਿਲ ਨੂੰ ਛੂਹਣ ਵਾਲੀ ਆਪਣੀਆਂ ਦੋ ਕਵਿਤਾਵਾਂ ਪੇਸ਼ ਕੀਤੀਆਂ। ਸੁੱਚਾ ਸਿੰਘ ਲੇਹਲ ਜੀ ਨੇ ਵੀ ਦੋ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਕਸ਼ਮੀਰ ਸਿੰਘ ਜੀ ਨੇ ਵੀ ਦੋ ਕਵਿਤਾਵਾਂ ਦੇ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਮਨਪੀਤ ਕੌਰ ਭਾਟੀਆ ਜੀ ਨੇ ਵੀ ਦੋ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਪ੍ਰਬੰਧਕ ਅਤੇ ਸਾਹਿਤਕ ਅਕਾਦਮੀ ਦੇ ਸਚਿਵ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਸੰਸਥਾ ਦੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਸਾਰੇ ਕਵੀਆਂ ਨੇ ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਦੇ ਇਸ ਉਪਰਾਲੇ ਦਾ ਦਿਲੋਂ ਸੁਆਗਤ ਕੀਤਾ। ਸੰਚਾਲਕ ਮਹਿੰਦਰ ਸੂਦ ਵਿਰਕ ਜੀ ਨੇ ਅਖ਼ੀਰ ਵਿੱਚ ਸਭ ਕਲਮਕਾਰਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੀ ਮਿਠਾਸ ਨਾਲ ਹਰ ਘਰ ਪੰਜਾਬੀਅਤ ਦਾ ਬੂਟਾ ਲਗਾਉਣ ਦਾ ਸੁਨੇਹਾ ਦਿੱਤਾ।

