ਫਰੀਦਕੋਟ, 19 ਅਗਸਤ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀ ਪ੍ਰਸਿੱਧ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਵਲੋਂ ਮਨਾਏ ਗਏ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਸ ’ਚ ਨਰਸਰੀ ਤੋਂ ਸੀਨੀਅਰ ਕੇ.ਜੀ. ਦੇ ਵਿਦਿਆਰਥੀਆਂ ਦੇ ਰੱਖੜੀ ਬਣਾਉਣ ਅਤੇ ਖੇਡਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਪਹਿਲੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਤੀਜੀ, ਚੌਥੀ, ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਈਕੋ ਫਰੈਂਡਲੀ ਰੱਖੜੀ ਬਣਾਉਣ, ਥਾਲੀ ਸਜਾਉਣ ਅਤੇ ਗਿਫਟ ਮੇਕਿੰਗ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਇੰਟਰ ਕਲਾਸ ਡਿਸਪਲੇਅ ਬੋਰਡ ਮੁਕਾਬਲੇ ਅਤੇ ਕ੍ਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ। ਉਸ ਤੋਂ ਬਾਅਦ ਬੱਚਿਆਂ ਨੇ ਪੌਦਿਆਂ ਨੂੰ ਰੱਖੜੀ ਬੰਨ ਕੇ, ਪੌਦਿਆਂ ਦੀ ਰੱਖਿਆ ਕਰਨ ਦਾ ਪ੍ਰਣ ਲੈਂਦੇ ਹੋਏ ਇਹ ਸੰਦੇਸ਼ ਦਿੱਤਾ ਕਿ ਪੌਦੇ ਵੀ ਸਾਡੇ ਜੀਵਨ ਦੇ ਸਾਥੀ ਹਨ “ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਆਪਣੇ ਭੈਣਾਂ ਭਰਾਵਾਂ ਨੂੰ ਗੀਤ ਵੀ ਸਮਰਪਿਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜੀਨੀਅਰ ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਰੱਖੜੀ ਭਾਰਤ ਦਾ ਪ੍ਰਸਿੱਧ ਅਤੇ ਪ੍ਰਾਚੀਨ ਤਿਉਹਾਰ ਹੈ, ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ। ਇਸ ਮੌਕੇ ਭੈਣਾ ਆਪਣੇ ਭਰਾਵਾਂ ਨੂੰ ਰੱਖੜੀ ਬੰਨਦੀਆਂ ਹਨ ਅਤੇ ਉਨਾਂ ਦੀ ਲੰਮੀ ਉਮਰ ਅਤੇ ਤਰੱਕੀ ਲਈ ਅਰਦਾਸ ਕਰਦੀਆਂ ਹਨ ਅਤੇ ਭਰਾ ਆਪਣੀਆਂ ਭੈਣਾਂ ਨੂੰ ਤੋਹਫੇ ਦਿੰਦੇ ਹਨ ਤੇ ਹਮੇਸ਼ਾ ਉਨਾਂ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਸਕੂਲ ਮੁਖੀ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਨੇ ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਨਾਲ ਰਲਕੇ ਰਹਿਣ ਅਤੇ ਇੱਕ ਦੂਜੇ ਦਾ ਹਮੇਸ਼ਾ ਸਹਿਯੋਗ ਦੇਣ ਲਈ ਪ੍ਰੇਰਨਾ ਦਿੰਦਿਆਂ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ।

