ਸਾਹਿਲਜੋਤ ਦੀ ਨਾਂਅ ਨੈਸ਼ਨਲ ਸਕੂਲ ਖੇਡਾਂ ਅਤੇ ਖੇਲੋ ਇੰਡੀਆ ਨੈਸ਼ਨਲ ਖੇਡਾਂ ਲਈ ਚੋਣ : ਗੁਲਾਟੀ
ਫਰੀਦਕੋਟ, 15 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਖੇਤਰ ਦੀ ਮਸ਼ਹੂਰ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਹਨ। ਜਿਕਰਯੋਗ ਹੈ ਕਿ ਸੀ.ਬੀ.ਐੱਸ.ਈ. ਨੈਸ਼ਨਲ ਐਥਲੈਟਿਕ ਮੀਟ ਜੋ ਕਿ ਸੰਤ ਔਲਾਨੰਦ ਕਾਨਵੇਂਟ ਸਕੂਲ ਵਾਰਨਾਸੀ (ਯੂ.ਪੀ.) ਵਿਖੇ 6 ਅਕਤੂਬਰ 2024 ਤੋਂ 10 ਅਕਤੂਬਰ 2024 ਤੱਕ ਆਯੋਜਿਤ ਸੀ। ਜਿਸ ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਐਥਲੈਟਿਕ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਪੂਰੇ ਦੇਸ਼ ਦੇ ਹੋਣਹਾਰ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਹੋਣਹਾਰ ਵਿਦਿਆਰਥੀ ਸਾਹਿਲਜੋਤ ਸਿੰਘ ਗਿੱਲ ਨੇ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ 2.00 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ ਜਦਕਿ ਪੁਰਾਣਾ ਰਿਕਾਰਡ 1.90 ਮੀਟਰ ਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਗੁਲਾਟੀ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਸਾਹਿਲਜੋਤ ਸਿੰਘ ਨੇ ਨੈਸ਼ਨਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਹਿਲਜੋਤ ਦਾ ਨਾਂਅ ਨੈਸ਼ਨਲ ਸਕੂਲ ਖੇਡਾਂ ਅਤੇ ਖੇਲੋ ਇੰਡੀਆ ਨੈਸ਼ਨਲ ਖੇਡਾਂ ਲਈ ਚੁਣਿਆ ਗਿਆ ਹੈ। ਅੰਤ ਵਿੱਚ ਸਕੂਲ ਦੇ ਡਾਇਰੇਕ੍ਟਰ ਮੈਡਮ ਸੀਮਾ ਗੁਲਾਟੀ ਅਤੇ ਪ੍ਰਿੰਸੀਪਲ ਸੁਰੇਸ਼ ਸ਼ਰਮਾ ਨੇ ਸਾਹਿਲਜੋਤ ਸਿੰਘ ਨੂੰ ਸਟੇਜ ‘ਤੇ ਮੈਡਲ ਪਾ ਕੇ ਸਨਮਾਨਿਤ ਕੀਤਾ| ਉਨ੍ਹਾਂ ਕਿਹਾ ਕਿ ਇਹ ਅਨੋਖੀ ਸਫਲਤਾ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਦ੍ਰਿੜ ਇਰਾਦੇ ਅਤੇ ਯੋਗ ਅਧਿਆਪਕਾਂ ਦੀ ਅਗਵਾਈ ਦਾ ਨਤੀਜਾ ਹੈ। ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਨੇ ਡੀ.ਪੀ.ਈ. ਮਨਦੀਪ ਕੁਮਾਰ ਅਤੇ ਮਨਜੋਧ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਉਸ ਦੀ ਇਸ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਅਤੇ ਵਿਦਿਆਰਥੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।