ਫ਼ਗਵਾੜਾ 30 ਜੂਨ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 29 ਜੂਨ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਦਲਬੀਰ ਕੌਰ ਧਾਲੀਵਾਲ, ਕੁਲਜੀਤ ਧਵਨ ਧੂਰੀ, ਗੁਰਦੀਪ ਸਿੰਘ ਚੀਮਾ, ਹਰਪ੍ਰੀਤ ਕੌਰ ਇਰਾਨੀ ਅਤੇ ਹਰਜਿੰਦਰ ਸਿੰਘ ਸਾਂਈ ਸ਼ਾਮਿਲ ਹੋਏ। ਪਰ ਕਵੀ ਗੁਰਜੀਤ ਕੌਰ ਅਜਨਾਲਾ ਅਤੇ ਬਲਬੀਰ ਸਿੰਘ ਲਹਿਰੀ ਤਕਨੀਕੀ ਖ਼ਰਾਬੀ ਕਰਕੇ ਸ਼ਾਮਿਲ ਨਹੀਂ ਹੋ ਸਕੇ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਗੁਰਦੀਪ ਸਿੰਘ ਚੀਮਾ ਨੇ ਕਾਦਰ ਕੁਦਰਤ ਬਾਰੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਦਲਬੀਰ ਕੌਰ ਧਾਲੀਵਾਲ ਨੇ ਸਮਾਜਿਕ ਵਿਸ਼ਿਆਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ। ਕੁਲਜੀਤ ਧਵਨ ਧੂਰੀ ਨੇ ਵੀ ਸੇਧਵਰਧਕ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਹਰਜਿੰਦਰ ਸਿੰਘ ਸਾਂਈ ਨੇ ਵੀ ਸੱਚੇ ਸੁੱਚੇ ਹਰਫ਼ਾਂ ਦੀ ਰੰਗਤ ਭਰਪੂਰ ਕਵਿਤਾਵਾਂ ਨਾਲ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਹਰਪ੍ਰੀਤ ਕੌਰ ਇਰਾਨੀ ਨੇ ਵੀ ਰਿਸ਼ਤਿਆਂ ਦਾ ਦਰਦ ਬਿਆਨ ਕਰਦੀਆਂ ਕਵਿਤਾਵਾਂ ਦੇ ਨਾਲ ਹਾਜ਼ਰੀ ਭਰੀ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਹਰ ਮਨੁੱਖ ਜਰੂਰ ਲਗਾਵੇ ਇੱਕ ਰੁੱਖ ਦਾ ਸੁਨੇਹਾ ਦਿੱਤਾ।