ਅਨੁਸੂਚਿਤ ਜਾਤੀ ਪਰਿਵਾਰਾਂ ਦਾ ਕਰਜਾ ਮਾਫ ਕਰਨਾ ਪੰਜਾਬ ਸਰਕਾਰ ਦਾ ਵੱਡਾ ਕਦਮ : ਸਪੀਕਰ ਸੰਧਵਾਂ
ਆਖਿਆ! 4227 ਪਰਿਵਾਰਾਂ ਦਾ 67.84 ਕਰੋੜ ਦਾ ਕਰਜਾ ਕੀਤਾ ਗਿਆ ਮਾਫ
ਕੋਟਕਪੂਰਾ, 29 ਜੁਲਾਈ (ਗੁਰਮੀਤ ਸਿੰਘ ਮੀਤਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਦੇ 4,727 ਪਰਿਵਾਰਾਂ ਨੂੰ 67.84 ਕਰੋੜ ਰੁਪਏ ਦੀ ਰਾਸ਼ੀ ਦੇ ਕਰਜ਼ੇ ਮਾਫ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਸਮਾਜ ਦੇ ਪਿੱਛੜੇ, ਜ਼ਰੂਰਤਮੰਦ ਅਤੇ ਅਧਿਕਾਰਤ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਸਪਕੀਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਸਮਾਜ ਦੇ ਵਾਂਝੇ ਵਰਗਾਂ ਦੇ ਪਰਿਵਾਰਾਂ ਨੂੰ ਸਨਮਾਨ, ਸਹਾਰਾ ਅਤੇ ਬਰਾਬਰੀ ਦੇ ਮੌਕੇ ਦੇਣਾ ਪੰਜਾਬ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਆਰਥਿਕ ਸਹਾਇਤਾ ਨਹੀਂ, ਸਗੋਂ ਆਤਮ-ਸਨਮਾਨ ਅਤੇ ਬਰਾਬਰੀ ਵੱਲ ਦਾ ਕਦਮ ਹੈ। ਉਨ੍ਹਾਂ ਦੱਸਿਆ ਕਿ ਇਹ ਕਰਜਾ ਮਾਫੀ ਰਾਹਤ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ, ਜਿੰਨਾਂ ਨੇ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 31 ਮਾਰਚ 2020 ਤੱਕ ਕਰਜਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਯੋਜਨਾ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ ਪਹਿਲਾਂ ਦੀਆਂ ਕਰਜ਼ਾ ਮਾਫੀ ਯੋਜਨਾਵਾਂ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਕਿਹਾ ਹੁਣ ਇਨ੍ਹਾਂ ਖਿਲਾਫ ਕੋਈ ਕਾਨੂੰਨੀ ਵਸੂਲੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਲੋਕ-ਕੇਂਦਰਤ ਅਤੇ ਸਮਾਜਕ ਨਿਆਂ ਤੇ ਅਧਾਰਤ ਹੈ।