ਮਿ੍ਰਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਤੋਂ ਨਸ਼ਾ ਤਸਕਰੀ ਰੋਕਣ ਦੀ ਕੀਤੀ ਮੰਗ
ਕੋਟਕਪੂਰਾ, 28 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੋਠੇ ਵੜਿੰਗ ਦੀ ਬਾਜ਼ੀਗਰ ਬਸਤੀ ਦੇ ਵਸਨੀਕ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਉਕਰਪਾਲ ਸਿੰਘ (27) ਪੁੱਤਰ ਪਿ੍ਰਤਪਾਲ ਸਿੰਘ ਵੀ ਨਸ਼ੇ ਦੀ ਗਿ੍ਰਫ਼ਤ ’ਚ ਆ ਕੇ ਆਪਣੀ ਜਾਨ ਗੁਆ ਬੈਠਾ। ਉਹ ਆਪਣੇ ਘਰ ਅੰਦਰ ਹੀ ਮਿ੍ਰਤਕ ਹਾਲਤ ਵਿੱਚ ਪਾਇਆ ਗਿਆ ਅਤੇ ਉਸ ਦੀ ਬਾਂਹ ’ਤੇ ਲੱਗੀ ਸਰਿੰਜ ਵਾਰਸਾਂ ਨੇ ਆਪ ਲਾਹੀ ਹੈ। ਮਿ੍ਰਤਕ ਨੌਜਵਾਨ ਅਜੇ ਕੁਆਰਾ ਸੀ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀਆਂ ਭੈਣਾਂ ’ਚੋਂ ਦੋ ਵਿਆਹੀਆਂ ਹੋਈਆਂ ਹਨ। ਮਿ੍ਰਤਕ ਨੌਜਵਾਨ ਦਾ ਪਿਤਾ ਪਿ੍ਰਤਪਾਲ ਸਿੰਘ ਜੋ ਕਿ ਮਜ਼ਦੂਰੀ ਕਰਦਾ ਹੈ, ਉਸ ਸਮੇਤ ਨਾਨਾ ਪਿਆਰਾ ਸਿੰਘ, ਮਾਮਾ ਜਲੰਧਰ ਸਿੰਘ ਵਾੜਾਦਰਾਕਾ ਅਤੇ ਬਸਤੀ ਦੇ ਸਰਪੰਚ ਸੁਖਚੈਨ ਸਿੰਘ ਬਾਬਾ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਨਸ਼ਿਆਂ ਦੀ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਉਕਰਪਾਲ ਸਿੰਘ ਘਾਰੂ ਵਰਗੇ ਹੋਰ ਨੌਜਵਾਨ ਮੌਤ ਦੇ ਮੂੰਹ ’ਚ ਜਾਣੋ ਬਚ ਸਕਣ। ਉਨ੍ਹਾਂ ਕਿਹਾ ਕਿ ਅਜੇ ਵੀ ਨਸ਼ੇ ਵਿਕ ਰਹੇ ਹਨ ਅਤੇ ਬੰਦ ਨਹੀਂ ਹੋਏ। ਮਿ੍ਰਤਕ ਦੀ ਮਾਤਾ ਪਰਮਜੀਤ ਕੌਰ ਨੇ ਰੋੋਂਦਿਆਂ ਕਿਹਾ ਕਿ ‘ਪੁੱਤ ਮਾਵਾਂ ਦੇ ਕੋਲ ਰਹਿਣੇ ਚਾਹੀਦੇ ਨੇ’। ਮਿ੍ਰਤਕ ਨੌਜਵਾਨ ਦੇ ਜੀਜਾ ਜਗਤਾਰ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਉਕਰਪਾਲ ਸਿੰਘ ਕਣਕ ਦਾ ਸੀਜ਼ਨ ਹੋਣ ਕਾਰਨ ਉਸ ਕੋਲ ਪਿੰਡ ਰੋੜੀਕਪੂਰਾ ਵਿਖੇ ਮਿਹਨਤ-ਮਜ਼ਦੂਰੀ ਕਰਨ ਲਈ ਆਇਆ ਹੋਇਆ ਸੀ ਅਤੇ ਉਹ ਘਰੇ ਬਾਜ਼ੀਗਰ ਬਸਤੀ ਵਿਖੇ ਕੱਪੜੇ ਬਦਲ ਕੇ ਆਉਣ ਦਾ ਕਹਿ ਕੇ ਪਿੰਡ ਆਇਆ ਸੀ, ਜਿੱਥੇ ਕਿ ਨਸ਼ੇ ਕਾਰਨ ਉਸ ਦੀ ਮੌਤ ਹੋ ਗਈ।