ਸ਼ੈਸ਼ਨ ਜੱਜ ਨੇ ਐਸ.ਐਸ.ਪੀ. ਮੋਗਾ ਨੂੰ ਪ੍ਰਸ਼ਾਸ਼ਕੀ ਜਾਂ ਅਪਰਾਧਕ ਕਾਰਵਾਈ ਦੇ ਦਿੱਤੇ ਨਿਰਦੇਸ਼!
ਕੋਟਕਪੂਰਾ, 2 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਉਸ ਵੇਲੇ ਤਣਾਅ ਫੈਲ ਗਿਆ ਜਦੋਂ ਇੱਕ ਪੁਲੀਸ ਅਧਿਕਾਰੀ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਅਦਾਲਤੀ ਕਾਰਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੂੰ ਕਥਿਤ ਤੌਰ ’ਤੇ ਧਮਕੀ ਦਿੱਤੀ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਸੈਸ਼ਨ ਜੱਜ ਨੇ ਐਸਐਸਪੀ ਮੋਗਾ ਨੂੰ ਅਧਿਕਾਰੀ ਵਿਰੁੱਧ ਅਪਰਾਧਕ ਜਾਂ ਪ੍ਰਸ਼ਾਸਕੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਘਟਨਾ ਰਾਜ ਬਨਾਮ ਸ਼ਾਮ ਸੁੰਦਰ ਅਤੇ ਹੋਰਾਂ, ਜੋ ਕਿ ਇੱਕ ਜੋੜੇ ਦੀ ਖੁਦਕੁਸ਼ੀ ਨਾਲ ਸਬੰਧਤ 2023 ਦੇ ਮਾਮਲੇ ਦੀ ਸੁਣਵਾਈ ਦੌਰਾਨ ਵਾਪਰੀ। ਜਾਂਚ ਅਧਿਕਾਰੀ ਐਸ.ਆਈ. ਮੈਡਮ ਜੋਗਿੰਦਰ ਕੌਰ ਆਪਣਾ ਬਿਆਨ ਦਰਜ ਕਰਨ ਲਈ ਗਵਾਹ ਵਜੋਂ ਪੇਸ਼ ਹੋਈ। ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਆਸ਼ੂ ਮਿੱਤਲ ਅਤੇ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਨੇ ਉਸ ਤੋਂ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਪਹਿਲਾਂ ਦਰਜ ਭ੍ਰਿਸ਼ਟਾਚਾਰ ਦੀ ਐਫ.ਆਈ.ਆਰ. ਬਾਰੇ ਪੁੱਛਗਿੱਛ ਕੀਤੀ। ਸ਼ੁੱਕਰਵਾਰ ਨੂੰ ਦਿੱਤੇ ਗਏ ਅਦਾਲਤੀ ਹੁਕਮਾਂ ਅਨੁਸਾਰ ਅਧਿਕਾਰੀ ਨੇ ਅਦਾਲਤ ਦੇ ਕਮਰੇ ਵਿੱਚ ਝਗੜਾ ਕੀਤਾ ਅਤੇ ਬਿਨਾਂ ਇਜਾਜ਼ਤ ਦੇ ਚਲੇ ਗਏ। ਕਾਰਵਾਈ ਤੋਂ ਬਾਅਦ ਉਸਨੇ ਕਥਿੱਤ ਤੌਰ ’ਤੇ ਵਕੀਲ ਭੁੱਲਰ ਨੂੰ ਅਦਾਲਤ ਦੇ ਕਮਰੇ ਦੇ ਬਾਹਰ ਧਮਕੀ ਦਿੰਦਿਆਂ ਚਿਤਾਵਨੀ ਦਿੱਤੀ ਕਿ ਉਸਦੇ ਵਿਰੁੱਧ ਝੂਠੀ ਐਫ.ਆਈ.ਆਰ. ਦਰਜ ਕੀਤੀ ਜਾਵੇਗੀ। ਜੱਜ ਨੇ ਭੁੱਲਰ ਦਾ ਬਿਆਨ ਦਰਜ ਕੀਤਾ ਅਤੇ ਦੇਖਿਆ ਕਿ ਅਧਿਕਾਰੀ ਦੋਸ਼ ਦਾ ਜਵਾਬ ਦਿੱਤੇ ਬਿਨਾਂ ਹੀ ਚਲਾ ਗਿਆ। ਅਦਾਲਤ ਦੇ ਅਹਾਤੇ ਵਿੱਚ ਇੱਕ ਵਰਦੀਧਾਰੀ ਅਧਿਕਾਰੀ ਦੇ ਵਿਵਹਾਰ ’ਤੇ ਚਿੰਤਾ ਪ੍ਰਗਟ ਕਰਦਿਆਂ ਸੈਸ਼ਨ ਜੱਜ ਨੇ ਐਸ.ਐਸ.ਪੀ. ਮੋਗਾ ਨੂੰ ਲੋੜੀਂਦੀ ਕਾਰਵਾਈ ਕਰਨ ਅਤੇ ਅਦਾਲਤ ਨੂੰ ਪ੍ਰਗਤੀ ਬਾਰੇ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ।
