ਏਅਰ ਇੰਡੀਆ ਏਅਰ ਲਾਈਨ ਦੀ ਅਣਗਹਿਲੀ ਕਾਰਨ ਮੇਰੀ ਮਾਤਾ ਦੀ ਹੋਈ ਮੌਤ : ਅਮਿਤਾਜ ਸਿੰਘ ਹੱਥ ਵਿੱਚ ਸੋਨੇ ਦਾ 6 ਤੋਲੇ ਦਾ ਕੜਾ, 8000 ਰੂਪੈ ਭਾਰਤੀ ਕਰੰਸੀ ਅਤੇ 50 ਡਾਲਰ ਅਮਰੀਕਾ ਦੇ ਸਨ ਵੀ ਗਾਇਬ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਕੋਟਕਪੂਰਾ ਦੇ ਪੀ.ਐਸ.ਪੀ.ਸੀ.ਐਲ. ਦਫਤਰ ਸਬ ਅਰਬਨ ਵਿਖੇ ਤਾਇਨਾਤ ਉੱਚ ਸ਼ੇ੍ਰਣੀ ਕਲਰਕ ਸ਼੍ਰੀਮਤੀ ਰਾਜਬੀਰ ਕੌਰ ਭਿੰਡਰ ਜੋ ਕਿ ਕੈਨੇਡਾ ਦੇ ਐਬਟਸਫੋਰਡ ਵਿਖੇ ਆਪਣੇ ਬੇਟੇ ਅਮਿਤਾਜ ਸਿੰਘ ਨੂੰ ਮਿਲਣ ਲਈ ਗਈ ਹੋਈ ਸੀ ਅਤੇ ਉਹ 25 ਜੂਨ ਨੂੰ ਕੈਨੇਡਾ ਦੇ ਵੈਨਕੂਵਰ ਏਅਰਪੋਰਟ ਤੋਂ ਭਾਰਤ ਲਈ ਵਾਪਸ ਆ ਰਹੀ ਸੀ ਕਿ ਕਲਕੱਤਾ ਪਹੁੰਚਣ ’ਤੇ ਉਨ੍ਹਾਂ ਨੂੰ ਆਕਸੀਜਨ ਦੀ ਘਾਟ ਹੋ ਗਈ ਅਤੇ ਜਹਾਜ ਵਿਚ ਉਨ੍ਹਾਂ ਨੂੰ ਏਅਰਹੋਸਟਸ ਵੱਲੋਂ ਆਕਸੀਜਨ ਲਗਾ ਦਿੱਤੀ ਗਈ ਜੋ ਕਿ 25 ਮਿੰਟ ਤੱਕ ਲੱਗੀ ਅਤੇ ਉਹ ਕੁਛ ਰਾਹਤ ਮਹਿਸੂਸ ਕਰਨ ਲੱਗੇ ਪਰ ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਫਿਰ ਉਨ੍ਹਾਂ ਨੂੰ ਸਾਹ ਲੈਣ ਵਿਚ ਦਿਕਤ ਆਈ ਪਰ ਸਟਾਫ ਨੇ ਬਿਲਕੁਲ ਨਹੀਂ ਪੁੱਛਿਆ ਅਤੇ ਨਾ ਹੀ ਕੋਈ ਡਾਕਟਰੀ ਸਲਾਹ ਲਈ ਜਿਸ ਅਣਗਿਹਲੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਆਪਣੇ ਗ੍ਰਹਿ ਵਿਖੇ ਉਨ੍ਹਾਂ ਦੇ ਬੇਟੇ ਅਮਿਤਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਮਾਤਾ ਜੀ ਨਾਲ ਸਾਡੀ ਇਕ ਰਿਸ਼ਤੇਦਾਰ ਪਰਮਿੰਦਰ ਕੌਰ ਉਰਫ ਪੰਮੀ ਜੋ ਕਿ ਨਾਲ ਸੀ ਉਨ੍ਹਾਂ ਦੱਸਿਆ ਕਿ ਜਦੋਂ ਸ਼੍ਰੀਮਤੀ ਭਿੰਡਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੈ ਤਾਂ ਉਨ੍ਹਾਂ ਜਹਾਜ਼ ਵਿਚ ਮੌਜੂਦ ਏਅਰ ਹੋਸਟਸ ਨੂੰ ਦੱਸਿਆ ਤਾਂ ਉਨ੍ਹਾਂ ਆਕਸੀਜਨ ਲਾ ਦਿੱਤੀ ਅਤੇ ਉਹ ਰਾਹਤ ਮਹਿਸੂਸ ਕਰਨ ਲੱਗੇ ਅਤੇ ਜਦੋਂ ਜਹਾਜ਼ ਨੇ ਫਿਰ ਉਡਾਨ ਭਰੀ ਤਾਂ ਸ਼੍ਰੀਮਤੀ ਭਿੰਡਰ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਤਾਂ ਸਟਾਫ ਨੇ ਉਨ੍ਹਾਂ ਨੂੰ ਥੱਲੇ ਲਿਟਾ ਦਿੱਤਾ ਅਤੇ ਬਿਨਾ ਡਾਕਟਰੀ ਸਲਾਹ ਤੋਂ ਉਨ੍ਹਾਂ ਨੂੰ ਕਿਹਾ ਕਿ ਲੰਬੇ ਲੰਬੇ ਸਾਹ ਲਵੋ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਸਾਹ ਬਿਲਕੁਲ ਨਹੀਂ ਆ ਰਿਹਾ ਮੈਂ ਸਾਹ ਕਿਵੇਂ ਲਵਾ! ਉਸ ਤੋਂ ਬਾਅਦ ਉਨ੍ਹਾਂ ਕਰੀਬ 30 ਮਿੰਟਾਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕੋਲਕਾਤਾ ਵਿਖੇ ਕਰਵਾ ਦਿੱਤੀ ਅਤੇ ਉਥੇ ਐਂਬੂਲੈਂਸ ਆ ਗਈ ਅਤੇ ਸ਼੍ਰੀਮਤੀ ਭਿੰਡਰ ਨੂੰ ਐਂਬੂਲੈਂਸ ਵਿਚ ਸ਼ਿਫਟ ਕਰ ਦਿੱਤਾ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਨੇ ਨਾਲ ਜਾਣਾ ਚਾਹਿਆ ਤਾਂ ਸਟਾਫ ਨੇ ਉਨ੍ਹਾਂ ਦੇ ਨਾਲ ਜਾਣ ਤੋਂ ਮਨ੍ਹਾਂ ਕਰ ਦਿੱਤਾ ਕਿ ਤੁਸੀਂ ਨਾਲ ਨਹੀਂ ਜਾ ਸਕਦੇ। ਅਮਿਤਾਜ ਸਿੰਘ ਨੇ ਅੱਗੇ ਦੱਸਿਆ ਕਿ ਉਸਤੋਂ ਬਾਅਦ ਮੇਰੀ ਮਾਤਾ ਨੂੰ ਐਂਬੂਲੈਂਸ ਰਾਹੀਂ ਸੁਦੀਪ ਪਾਤਰਾ ਡਰਾਈਵਰ ਅਤੇ ਇਕ ਹੈਲਪਰ ਕੋਲਕਾਤਾ ਦੇ ਚਰਨੋਕ ਹਸਪਤਾਲ ਦੀ ਐਮਰਜੈਂਸੀ ਵਿਖੇ ਲੈ ਗਏ ਜਿਥੇ ਡਾਕਟਰਾਂ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਬੂਗੈਤੀ ਪੁਲਿਸ ਸਟੇਸ਼ਨ ਵਿਖੇ 194 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਅਮਿਤਾਜ ਸਿੰਘ ਨੇ ਏਅਰ ਇੰਡੀਆ ’ਤੇ ਦੋਸ਼ ਲਾਉਂਦੇ ਕਿਹਾ ਕਿ ਜਦ ਮੇਰੀ ਮਾਤਾ ਨੂੰ ਕਲਕੱਤਾ ਵਿਖੇ ਆਕਸੀਜਨ ਲਾਈ ਗਈ ਸੀ ਤਾਂ ਕਿਸੇ ਡਾਕਟਰ ਨਾਲ ਸਟਾਫ ਨੇ ਕੋਈ ਸਲਾਹ ਨਹੀਂ ਕੀਤੀ। ਜੇਕਰ ਡਾਕਟਰ ਨਾਲ ਸਲਾਹ ਕੀਤੀ ਹੁੰਦੀ ਤਾਂ ਮੇਰੀ ਮਾਤਾ ਨੂੰ ਉਸੇ ਸਮੇਂ ਕਿਸੇ ਹਸਪਤਾਲ ਵਿਖੇ ਸ਼ਿਫਟ ਕਰ ਦੇਣਾ ਚਾਹੀਦਾ ਸੀ ਤਾਂ ਕਿ ਉਨ੍ਹਾਂ ਦੀ ਜਾਨ ਬਚ ਸਕਦੀ ਪਰ ਅਜਿਹਾ ਨਾ ਸੋਚਦੇ ਜਹਾਜ਼ ਫਿਰ ਉਡਾਨ ਭਰ ਗਿਆ ਤੇ ਮੇਰੀ ਮਾਤਾ ਦੀ ਸਾਹ ਨਾ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਏਅਰ ਇਡੀਆ ਨੂੰ ਕਾਲ ਕਰਕੇ ਪੁੱਛਿਆ ਕਿ ਦੱਸੋ ਮੇਰੀ ਮਾਤਾ ਨੂੰ ਕਿਹੜੀ ਫਸਟ ਏਡ ਦਿੱਤੀ ਹੈ ਤਾਂ ਉਹ ਅੱਗੋਂ ਜਵਾਬ ਦਿੰਦੇ ਹਨ ਕਿ ਤੁਸੀਂ ਏਅਰ ਇੰਡੀਆ ਦੇ ਨੁਮਾਇੰਦੇ ਨਾਲ ਗੱਲ ਕਰੋ, ਅਸੀਂ ਇਸ ਬਾਰੇ ਕੁੱਝ ਨਹੀਂ ਦੱਸ ਸਕਦੇ। ਉਨ੍ਹਾਂ ਇਹ ਵੀ ਦੋਸ਼ ਲਾਉਂਦੇ ਕਿਹਾ ਕਿ ਮੇਰੀ ਮਾਤਾ ਦੇ ਹੱਥ ਵਿੱਚ ਸੋਨੇ ਦਾ ਕਰੀਬ 6 ਤੋਲੇ ਦਾ ਕੜਾ ਪਾਇਆ ਹੋਇਆ ਸੀ, ਜੋ ਵਾਪਸ ਆਉਂਦੇ ਸਮੇਂ ਮੇਰੀ ਪਤਨੀ ਅਰਸ਼ਦੀਪ ਕੌਰ ਨੇ ਤੋਹਫੇ ਵਜੋਂ ਦਿੱਤਾ ਸੀ, ਉਹ ਵੀ ਮੇਰੀ ਮਾਤਾ ਦੇ ਹੱਥ ਵਿਚ ਨਹੀਂ ਸੀ, ਜਿਸ ਦਾ ਸਬੂਤ ਸਾਡੇ ਕੋਲ ਮੌਜੂਦ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀ ਮਾਤਾ ਦੇ ਪਰਸ ਵਿੱਚ ਕਰੀਬ 8000 ਰੂਪੈ ਭਾਰਤੀ ਕਰੰਸੀ ਅਤੇ 50 ਡਾਲਰ ਅਮਰੀਕਾ ਦੇ ਸਨ, ਜੋ ਕਿ ਮੇਰੀ ਮਾਤਾ ਦੇ ਪਰਸ ਵਿਚ ਨਹੀਂ ਹਨ ਅਤੇ ਸਿਰਫ 900 ਰੂਪੈ ਹੀ ਨਿਕਲੇ ਹਨ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਦੀ ਮੌਤ ਏਅਰ ਇੰਡੀਆ ਦੀ ਮਾੜੀ ਸਹੂਲਤ ਅਤੇ ਡਾਕਟਰੀ ਸਹਾਇਤਾ ਨਾ ਮਿਲਣ ਕਰਕੇ ਹੋਈ ਹੈ, ਜਿਸ ਸਬੰਧੀ ਉਹ ਜਲਦ ਕੈਨੇਡਾ ਵਿਖੇ ਏਅਰ ਇੰਡੀਆ ਦੀ ਏਅਰਲਾਈਨ ’ਤੇ ਕੇਸ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰਨਗੇ। ਇਸ ਸਬੰਧੀ ਜਦੋਂ ਏਅਰ ਇੰਡੀਆ ਨਾਲ ਉਨ੍ਹਾਂ ਦੇ ਮੋਬਾਈਲ ਨੰ: 9319806437 ’ਤੇ ਸੰਪਰਕ ਕੀਤਾ ਤਾਂ ਸਬੰਧਤ ਅਧਿਕਾਰੀ ਸਵੀਟੀ ਨੇ ਕਿਹਾ ਕਿ ਉਹ ਕਲਕੱਤਾ ਤੋਂ ਬੋਲ ਰਹੇ ਹਨ ਅਤੇ ਉਹ ਇਸਦੀ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ। ਜਦ ਉਨ੍ਹਾਂ ਤੋਂ ਡਾਕਟਰੀ ਸਹਾਇਤਾ ਅਤੇ ਸ਼੍ਰੀਮਤੀ ਭਿੰਡਰ ਦੇ ਪੈਸੇ ਅਤੇ ਸੋਨਾ ਗਾਇਬ ਬਾਰੇ ਪੁੱਛਿਆ ਤਾਂ ਉਨ੍ਹਾਂ ਆਪਣਾ ਪੱਲਾ ਝਾੜਦੇ ਕਿਹਾ ਕਿ ਇਸ ਸਬੰਧੀ ਉਹ ਸੀਨੀਅਰ ਨਾਲ ਗੱਲਬਾਤ ਕਰਕੇ ਦੱਸਣਗੇ। ਇਹ ਕਹਿਕੇ ਉਨ੍ਹਾਂ ਫੋਨ ਕੱਟ ਦਿੱਤਾ।