ਸਪੀਕਰ ਸੰਧਵਾਂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਣ ਅਤੇ ਮਿਲਣ ਦਾ ਫੈਸਲਾ
ਸਪੀਕਰ ਹਾਊਸ ਵਿਖੇ ਰਾਗੀ, ਗ੍ਰੰਥੀ, ਪਾਠੀ ਸਿੰਘਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 25 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਸੰਧਵਾਂ ਵਿਖੇ ਸਥਿੱਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਅਰਥਾਤ ‘ਸਪੀਕਰ ਹਾਊਸ’ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਗਏ ਕਥਾ ਕੀਰਤਨ ਸਮਾਗਮ ਦੌਰਾਨ ਇਲਾਕੇ ਭਰ ਦੇ ਰਾਗੀ, ਗ੍ਰੰਥੀ ਅਤੇ ਪਾਠੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਮਹਾਨ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵਿੱਚੋਂ ਭਾਈ ਅਮਨਦੀਪ ਸਿੰਘ ਨੇ ਗੁਰਬਾਣੀ ਦੀਆਂ ਅਨੇਕਾਂ ਉਦਾਹਰਨਾ ਦਿੰਦਿਆਂ ਆਖਿਆ ਕਿ ਅੱਜ ਰਾਜਨੀਤਿਕ ਆਗੂਆਂ, ਧਾਰਮਿਕ ਅਤੇ ਪ੍ਰਚਾਰਕ ਲੋਕਾਂ ਦੀਆਂ ਆਪੋ-ਆਪਣੀਆਂ ਜਿੰਮੇਵਾਰੀਆਂ ਹਨ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਮੁੱਚੇ ਪਰਿਵਾਰ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਸ਼ਰਧਾ ਅਤੇ ਇਨਸਾਨੀਅਤ ਦੀ ਸੇਵਾ ਸਮੇਤ ਮਿਲਾਪੜੇ ਸੁਭਾਅ ਤੋਂ ਸਭ ਦਾ ਸੰਤੁਸ਼ਟ ਹੋਣਾ ਸੁਭਾਵਿਕ ਹੈ। ਉਹਨਾਂ ਆਖਿਆ ਕਿ ਸਪੀਕਰ ਸੰਧਵਾਂ ਵਲੋਂ ਪੰਥ ਅਤੇ ਸਿੱਖ ਕੌਮ ਦੇ ਚਾਰ ਵੱਡੇ ਕੰਮ ਕਰਕੇ ਆਪਣੇ ਸਤਿਕਾਰ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਜਿਸ ਨੂੰ ਪੰਥ ਅਤੇ ਸਿੱਖ ਕੌਮ ਵੱਲੋਂ ਲੰਮੇ ਸਮੇਂ ਤੱਕ ਪੀੜ੍ਹੀ ਦਰ ਪੀੜ੍ਹੀ ਯਾਦ ਰੱਖਿਆ ਜਾਵੇਗਾ। ਉਹਨਾ ਵਿਸਥਾਰ ਵਿੱਚ ਸਮਝਾਉਂਦਿਆਂ ਦੱਸਿਆ ਕਿ ਸਿੱਖ ਵਿਦਵਾਨ ‘ਭਾਈ ਕਾਹਨ ਸਿੰਘ ਨਾਭਾ’ ਦੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ‘ਮਹਾਨ ਕੋਸ਼’ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਕੌਮ ਦਾ ਖਜਾਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਥਾਕਥਿੱਤ ਵਿਦਵਾਨਾ ਵੱਲੋਂ ਨਵੇਂ ਐਡੀਸ਼ਨ ਵਿੱਚ ਜਦੋਂ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਪੀਕਰ ਸੰਧਵਾਂ ਨੇ ਤੁਰਤ ਐਕਸ਼ਨ ਲੈਂਦਿਆਂ ਗਲਤ ਬਿਆਨੀ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਇਸ ਨਾਲ ਕੌਮ ਜਾਗਰੂਕ ਹੋ ਗਈ। ਭਾਈ ਅਮਨਦੀਪ ਸਿੰਘ ਮੁਤਾਬਿਕ ਸਪੀਕਰ ਸੰਧਵਾਂ ਦੇ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾ ਦੀ ਰੂਪ-ਰੇਖਾ ਅਤੇ ਭਾਈ ਘਨੱਈਆ ਜੀ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਕੀਤੇ ਜਾ ਰਹੇ ਕਾਰਜਾਂ ਤੋਂ ਸਮੁੱਚੀ ਸਿੱਖ ਕੌਮ ਖੁਸ਼ ਅਤੇ ਸੰਤੁਸ਼ਟ ਹੈ। ਭਾਈ ਅਮਨਦੀਪ ਸਿੰਘ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਰਾਜਨੀਤਿਕ ਆਗੂ ਨੇ ਇਸ ਤਰ੍ਹਾਂ ਦੀਆਂ ਗੁਰੂ ਘਰ ਨਾਲ ਜੁੜੀਆਂ ਸ਼ਖਸ਼ੀਅਤਾਂ ਦਾ ਸਨਮਾਨ ਕਰਨ ਦੀ ਕਦੇ ਜਰੂਰਤ ਹੀ ਨਹੀਂ ਸਮਝੀ। ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਵੱਲੋਂ ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਆਖਿਆ ਕਿ ਜੇਕਰ ਮੇਰੇ ਮਾਤਾ ਪਿਤਾ ਨੇ ਸਾਨੂੰ ਗੁਰੂ ਚਰਨਾ ਨਾਲ ਜੋੜਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਸਾਡੇ ਪਰਿਵਾਰ ਤੋਂ ਕੁਝ ਵੀ ਉਹਲੇ ਨਹੀਂ ਰੱਖਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਦੀਆਂ ਆਪਣੇ ਵਿਦਿਆਰਥੀ ਜੀਵਨ ਅਤੇ ਉਸ ਤੋਂ ਬਾਅਦ ਵਾਲੇ ਸਮੇਂ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਅਤੇ ਹੱਡ ਬੀਤੀਆਂ ਦਾ ਜਿਕਰ ਕਰਨ ਤੋਂ ਬਾਅਦ ਸਪੀਕਰ ਸੰਧਵਾਂ ਨੇ ਰਾਗੀਆਂ, ਗ੍ਰੰਥੀਆਂ ਅਤੇ ਪਾਠੀਆਂ ਦੇ ਹੱਕ ਵਿੱਚ ਦਲੀਲਾਂ ਦਿੰਦਿਆਂ ਆਖਿਆ ਕਿ ਦੁਨੀਆਂ ਭਰ ਦੀਆਂ ਪ੍ਰਬੰਧਕ ਕਮੇਟੀਆਂ ਦਾ ਬਕਾਇਦਾ ਫਰਜ਼ ਬਣਦਾ ਹੈ ਕਿ ਉਹ ਰਾਗੀ, ਗ੍ਰੰਥੀ, ਪਾਠੀ ਸਿੰਘਾਂ ਦੀ ਘੱਟੋ ਘੱਟ ਤਨਖਾਹ ਅਤੇ ਆਮਦਨ ਦੇ ਸਰੋਤ ਦਾ ਐਨਾ ਕੁ ਧਿਆਨ ਜਰੂਰ ਰੱਖਣ ਕਿ ਉਕਤ ਤਨਖਾਹ ਅਤੇ ਹੋਰ ਸਰੋਤਾਂ ਰਾਹੀਂ ਹੁੰਦੀ ਆਮਦਨ ਨਾਲ ਉਹ ਆਪਣੀ ਔਲਾਦ ਦਾ ਭਵਿੱਖ ਸੰਵਾਰ ਸਕਣ, ਬਜੁਰਗ ਮਾਪਿਆਂ ਜਾਂ ਪਰਿਵਾਰ ਦੇ ਕਿਸੇ ਬਿਮਾਰ ਮੈਂਬਰ ਦਾ ਇਲਾਜ ਤਸੱਲੀ ਨਾਲ ਕਰਵਾਉਣ ਅਤੇ ਹੋਰ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋ ਸਕਣ। ਉਹਨਾ ਕਿਹਾ ਕਿ ਉਹ ਇਸ ਸਬੰਧੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਬੇਨਤੀ ਪੱਤਰ ਸੌਂਪ ਕੇ ਮੁਲਾਕਾਤ ਵੀ ਕਰਨਗੇ। ਸਪੀਕਰ ਸੰਧਵਾਂ ਨੇ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਜੇਕਰ 50 ਕਰੋੜ ਰੁਪਏ ਦਾ ਕੋਈ ਜਹਾਜ ਵੀ ਖਰੀਦ ਲਵੇ ਪਰ ਉਸ ਦਾ ਪਾਇਲਟ ਤਜਰਬੇਕਾਰ ਨਾ ਹੋਵੇ ਤਾਂ 50 ਕਰੋੜ ਰੁਪਿਆ ਖਰਚਿਆ ਵਿਅਰਥ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਕਲਯੁਗ ਦੇ ਸਮੇਂ ਵਿੱਚ ਮਨੁੱਖੀ ਜੀਵਨ ਨੂੰ ਤਾਰਨ ਵਾਲਾ ਜਹਾਜ ਹੈ ਅਤੇ ਗੁਰਬਾਣੀ ਦਾ ਪ੍ਰਚਾਰ, ਪ੍ਰਸਾਰ ਕਰਨ ਵਾਲੇ ਰਾਗੀ ਅਤੇ ਗ੍ਰੰਥੀ ਸਿੰਘ ਉਸ ਜਹਾਜ ਦੇ ਪਾਇਲਟ ਹਨ, ਸੋ ਦੁਨੀਆਂ ਭਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਸਮੇਤ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਆਮ ਸੰਗਤਾਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਜਿਸ ਤਰ੍ਹਾਂ ਗੁਰੂ ਘਰਾਂ ਦੀਆਂ ਇਮਾਰਤਾਂ ਨੂੰ ਸਜਾਉਣ ਲਈ ਖੁੱਲੇ ਦਿਲ ਦਾ ਪ੍ਰਗਟਾਵਾ ਕਰਦੇ ਹਾਂ, ਉਸੇ ਤਰ੍ਹਾਂ ਹੀ ਗੁਰੂ ਘਰਾਂ ਦੇ ਵਜ਼ੀਰਾਂ ਅਰਥਾਤ ਗ੍ਰੰਥੀ/ਪਾਠੀ ਸਿੰਘਾਂ ਦੀ ਚੰਗੀ ਤਨਖਾਹ, ਬੱਚਿਆਂ ਦੀ ਪੜਾਈ, ਬਿਮਾਰੀ ਦੀ ਹਾਲਤ ਵਿੱਚ ਬਿਹਤਰ ਇਲਾਜ, ਚੰਗੀ ਰਿਹਾਇਸ਼ ਅਤੇ ਅਨਾਜ ਦਾ ਪ੍ਰਬੰਧ ਕਰਨਾ ਯਕੀਨੀ ਬਣਾਈਏ ਤਾਂ ਜੋ ਗ੍ਰੰਥੀ/ਪਾਠੀ ਸਿੰਘ ਅਤੇ ਪ੍ਰਚਾਰਕ ਆਪਣੀਆਂ ਪਰਿਵਾਰਕ ਜਰੂਰਤਾਂ ਤੋਂ ਬੇਫਿਕਰ ਹੋ ਕੇ ਗੁਰੂ ਦਾ ਸੁਨੇਹਾ ਇਕਾਗਰਚਿੱਤ ਸਾਂਝਾ ਕਰ ਸਕਣ। ਉਹਨਾਂ ਸਪੀਕਰ ਹਾਊਸ ਵਿਖੇ ਪੁੱਜਣ ਵਾਲੇ ਸਾਰੇ ਸਤਿਕਾਰਤ ਰਾਗੀ, ਗ੍ਰੰਥੀ, ਪਾਠੀ ਸਿੰਘਾਂ ਅਤੇ ਉੱਘੀਆਂ ਹਸਤੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਉਹਨਾ ਦਾ ਇਕ ਇਕ ਕਦਮ ਮੇਰੇ ਸਿਰ-ਮੱਥੇ, ਮੈਂ ਗੁਰੂ ਚਰਨਾ ਦੀ ਧੂੜ ਹਾਂ ਅਤੇ ਗੁਰੂ ਦੀ ਮਰਿਆਦਾ/ਪ੍ਰੰਪਰਾ ਮੁਤਾਬਿਕ ਮੇਰਾ ਪਰਿਵਾਰ ਸੰਗਤ ਦੀ ਸੇਵਾ ਲਈ ਹਮੇਸ਼ਾਂ ਹਾਜਰ ਹੈ। ਸਤਿਕਾਰਤ ਹਸਤੀਆਂ ਦਾ ਸਨਮਾਨ ਕਰਨ ਮੌਕੇ ਸਪੀਕਰ ਸੰਧਵਾਂ ਦੇ ਪਰਿਵਾਰਕ ਮੈਂਬਰਾਂ ਮਾਤਾ ਗੁਰਮੇਲ ਕੌਰ, ਬੀਬਾ ਗੁਰਪ੍ਰੀਤ ਕੌਰ, ਬੀਬਾ ਪਰਮਜੀਤ ਕੌਰ, ਐਡਵੋਕੇਟ ਬੀਰਇੰਦਰ ਸਿੰਘ ਸਮੇਤ ਹੋਰ ਵੀ ਪਾਰਟੀ ਆਗੂ ਅਤੇ ਵੱਖ ਵੱਖ ਸੰਸਥਾਵਾਂ/ਜਥੇਬੰਦੀਆਂ ਨਾਲ ਜੁੜੀਆਂ ਸ਼ਖਸ਼ੀਅਤਾਂ ਹਾਜਰ ਸਨ।

