ਦੋਸ਼ੀਆਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਵਾਂ ਤਹਿਤ 5 ਮਾਮਲੇ ਦਰਜ : ਡੀਐਸਪੀ
ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਤੇ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਲੁੱਟ-ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ 5 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾਂ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮਾਰ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਚਾਹਤ ਸ਼ਰਮਾ ਉਰਫ ਮੋਹਿਤ (ਵਾਸੀ ਧੰਨਾ ਬਸਤੀ ਗਲੀ ਨੰਬਰ 07 ਕੋਟਕਪੂਰਾ), ਹਰਸ਼ ਕੁਮਾਰ ਉਰਫ ਕਾਕੂ (ਵਾਸੀ ਦੁਆਰੇਆਣਾ ਰੋਡ ਗੱਤਾ ਫੈਕਟਰੀ ਦੀ ਬੈਕਸਾਈਡ ਕੋਟਕਪੂਰਾ), ਗੁਰਪ੍ਰੀਤ ਸਿੰਘ ਉਰਫ ਗੋਰੀ (ਵਾਸੀ ਸ਼ੇਰੇ ਪੰਜਾਬ ਨਗਰ ਗਲੀ ਨੰਬਰ 01 ਕੋਟਕਪੂਰਾ), ਅਕਾਸ਼ਦੀਪ ਸਿੰਘ ਉਰਫ ਕਾਸ਼ੀ (ਵਾਸੀ ਗਾਂਧੀ ਬਸਤੀ ਗਲੀ ਨੰਬਰ 07 ਕੋਟਕਪੂਰਾ) ਅਤੇ ਅੰਮਿਤ੍ਰਪਾਲ ਸਿੰਘ ਉਰਫ ਸੋਨੀ (ਵਾਸੀ ਪੰਜਗਰਾਈਂ ਕਲਾਂ) ਵਜੋ ਹੋਈ ਹੈ। ਦੋਸ਼ੀਆ ਪਾਸੋ 01 ਖੰਡਾ, 01 ਕ੍ਰਿਪਾਨ, 01 ਗਰਾਰੀ ਲੱਗੀ ਲੋਹੇ ਦੀ ਪਾਈਪ, 01 ਕ੍ਰਿਪਾਨ ਸਿੱਧੀ ਅਤੇ 01 ਕਾਪਾਨੁਮਾ ਦਾਤ ਬਰਾਮਦ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਭਰੋਸੇਯੋਗ ਗੁਪਤ ਜਾਣਕਾਰੀ ਦੇ ਅਧਾਰ ਤੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਇੱਕ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਦੋਸ਼ੀਆਂ ਨੂੰ ਮੋਗਾ ਰੋਡ ਲੱਕੜ ਮੰਡੀ ਦੇ ਗੇਟ ਦੇ ਅੰਦਰਲੇ ਪਾਸੇ ਬਣੇ ਕਮਰੇ ਨਜਦੀਕ ਉਸ ਸਮੇ ਕਾਬੂ ਕੀਤਾ ਗਿਆ, ਜਦੋ ਉਹ ਲੁੱਕ-ਛਿੱਪ ਕੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਸਨ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਦੋਸ਼ੀਆ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਸੰਜੀਵ ਕੁਮਾਰ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਨੇ ਦੱਸਿਆ ਕਿ ਇਹ ਦੋਸ਼ੀ ਜੁਰਮ ਕਰਨ ਦੇ ਆਦੀ ਹਨ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਅਸਲਾ ਐਕਟ ਅਤੇ ਹੋਰ ਵੱਖ ਵੱਖ ਜੁਰਮਾਂ ਤਹਿਤ ਕੁੱਲ 05 ਮੁਕੱਦਮੇ ਦਰਜ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 296 ਮਿਤੀ 21.12.2025 ਅ/ਧ 11(2) ਬੀ.ਐਨ.ਐਸ. ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ, ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ। ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਦਰਜ ਮੁਕੱਦਮੇ ਹੇਠ ਲਿਖੇ ਅਨੁਸਾਰ ਹਨ।

