ਕੋਟਕਪੂਰਾ, 14 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਲਗਭਗ ਦੋ ਮਹੀਨੇ ਪਹਿਲਾਂ ਮਾਸਟਰ ਕੇਡਰ ਤੋਂ ਵੱਖ-ਵੱਖ ਵਿਸ਼ਿਆਂ ਦੀ ਲੈਕਚਰਾਰਾਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਸਨ। ਇਹਨਾਂ ਪਦ-ਉੱਨਤ ਹੋਏ ਲੈਕਚਰਾਰਾਂ ਨੂੰ ਆਪਣੇ-ਆਪਣੇ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਹਾਜ਼ਰ ਵੀ ਕਰਵਾ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ 19 ਜੁਲਾਈ ਨੂੰ ਮਾਸਟਰ ਕਾਡਰ ਤੋਂ ਬਤੌਰ ਲੈਕਚਰਾਰ ਬਾਇਲੋਜੀ ਦੇ 41, ਇਕਨੋਮਿਕਸ ਦੇ 30, ਮੈਥ ਦੇ 58, ਫਿਜਿਕਸ ਦੇ 18 ਅਤੇ ਹਿੰਦੀ ਦੇ 18 ਕੁੱਲ 165 ਤਰੱਕੀਆਂ, ਇਸ ਤਰ੍ਹਾਂ ਹੀ 5 ਅਗਸਤ ਨੂੰ ਰਾਜਨੀਤਿਕ ਸ਼ਾਸਤਰ ਦੇ 271, ਪੰਜਾਬੀ ਦੇ 360, ਅੰਗਰੇਜ਼ੀ ਦੇ 135, ਕਮਰਸ ਦੇ 40, ਸੰਸਕ੍ਰਿਤ ਦੇ 2, ਫਾਈਨ ਆਰਟਸ ਦਾ 1, ਹੋਮ ਸਾਇੰਸ ਦੇ 3 ਅਤੇ ਸ਼ਸ਼ੋਲਜੀ ਦੇ 2 ਵਿਸ਼ੇ ਦੀਆਂ ਦੀਆਂ ਕੁੱਲ 814 ਤਰੱਕੀਆਂ ਅਤੇ ਇਸ ਦੇ ਨਾਲ ਹੀ 14 ਅਗਸਤ ਨੂੰ ਹਿਸਟਰੀ ਦੇ 196, ਕੈਮਿਸਟਰੀ ਦੇ 18 ਅਤੇ ਭੂਗੋਲ ਦੇ 8 ਦੀਆਂ ਕੁੱਲ 222 ਤਰੱਕੀਆਂ ਕੀਤੀਆਂ ਗਈਆਂ ਸਨ। ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਪਰਵੀਨ ਕੁਮਾਰ ਲੁਧਿਆਣਾ ਅਤੇ ਜਿੰਦਰ ਪਾਇਲਟ, ਵਿੱਤ ਸਕੱਤਰ ਨਵੀਂਨ ਸੱਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਪਦਉੱਨਤ ਹੋਏ ਲਗਭਗ 1200 ਲੈਕਚਰਾਰਾਂ ਵੱਲੋਂ ਸਬੰਧਤ ਡੀ.ਈ.ਓ. ਦਫ਼ਤਰਾਂ ਵਿੱਚ ਹਾਜ਼ਰੀ ਰਿਪੋਰਟ ਪੇਸ਼ ਕਰਨ ਦੇ ਬਾਵਜੂਦ ਅੱਜ ਤੱਕ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਸ਼ਨ ਚੋਣ ਨਹੀਂ ਕਰਵਾਈ ਗਈ ਜਿਸ ਕਾਰਨ ਸਬੰਧਤ ਲੈਕਚਰਾਰ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾਣ ਅਤੇ ਸਬੰਧਤ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤਾਂ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀ ਆਪਣੇ ਲੈਕਚਰਾਰਾਂ ਦਾ ਲਗਭਗ ਦੋ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਦਕਿ ਵਿਦਿਆਰਥੀਆਂ ਦਾ ਅੱਧਾ ਵਿੱਦਿਅਕ ਸੈਸ਼ਨ ਬੀਤ ਚੁੱਕਾ ਹੈ। ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕ ਇਹਨਾਂ ਸਾਰੇ ਪਦਉੱਨਤ ਲੈਕਚਰਾਰਾਂ ਨੂੰ ਤੁਰਤ ਸਟੇਸ਼ਨ ਚੋਣ ਕਰਵਾਈ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਪੱਧਰ ਦੇ ਸਕੂਲ ਵਿੱਚ ਖਾਲੀ ਪਈ ਲੈਕਚਰਾਰ ਦੀ ਅਸਾਮੀ ਨੂੰ ਲੁਕੋਇਆ ਨਾ ਜਾਵੇ ਅਤੇ ਸਾਰੇ ਖਾਲੀ ਪਏ ਸਥਾਨ ਸਟੇਸ਼ਨ ਚੋਣ ਕਰਵਾਉਣ ਸਮੇਂ ਸ਼ੋਅ ਕਰਨੇ ਯਕੀਨੀ ਬਣਾਏ ਜਾਣ।