੍ਜਾਂਚ ਮੁਕੰਮਲ ਕਰਨ ਉਪਰੰਤ ਰਿਪੋਰਟ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੋਂਪੀ
੍ਦੁਕਾਨ ਸੀਲ ਕਰਵਾਕੇ ਸਬੰਧਤ ਫਰਮ ਖਿਲਾਫ ਐਫ.ਆਈ.ਆਰ. ਦਰਜ
ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਸਥਾਨਕ ਨਵੀਂ ਦਾਣਾ ਮੰਡੀ ਵਿੱਚ ਕੂੜੇ ਦੇ ਢੇਰ ਵਿੱਚੋਂ ਮਿਲੀਆਂ ਮਿਆਦ ਪੁੱਗੀਆਂ ਦਵਾਈਆਂ ਅਤੇ ਮੈਡੀਕਲ ਰਹਿੰਦ-ਖੂੰਹਦ ਦੇ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਆਪਣੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਵਿਸਥਾਰਤ ਰਿਪੋਰਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਦਿਨੀਂ ਅਖ਼ਬਾਰ ਵਿੱਚ ਛਪੀ ਖਬਰ ਅਨੁਸਾਰ ਨਵੀਂ ਦਾਣਾ ਮੰਡੀ, ਫਰੀਦਕੋਟ ਵਿਖੇ ਕੂੜੇ ਦੇ ਢੇਰ ਉਪਰ ਮਿਆਦ ਲੰਘ ਚੁੱਕੀਆਂ ਦਵਾਈਆਂ, ਟੀਕੇ ਆਦਿ ਪਾਏ ਗਏ। ਜਿਸ ਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਅਤੇ ਗਠਿਤ ਕਮੇਟੀ ਨੂੰ ਦਸ ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਦਿੱਤੇ ਗਏ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਸਥਿਤ ਅੰਮ੍ਰਿਤ ਫਾਰਮੇਸੀ, ਐਸ.ਟੀ.ਆਈ. ਵਿਭਾਗ ਤੋਂ ਇਲਾਵਾ ਮੈਡੀਕਲ ਕਾਲਜ ਦੇ ਆਸ ਪਾਸ ਦੀਆਂ ਦੁਕਾਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ ਪਰ ਕੂੜੇ ਦੇ ਢੇਰ ਤੋਂ ਮਿਲੀਆਂ ਦਵਾਈਆਂ ਦੇ ਬੈਚ ਨੰਬਰ ਦੀਆਂ ਦਵਾਈਆਂ ਇੱਥੋਂ ਨਹੀਂ ਮਿਲੀਆਂ। ਜਾਂਚ ਵਿੱਚ ਪਾਇਆ ਗਿਆ ਕਿ ਕੂੜੇ ਦੇ ਢੇਰ ਵਿੱਚ ਮਿਲੇ ਸਰਕਾਰੀ ਸਪਲਾਈ ਵਾਲੀਆਂ ਦਵਾਈਆਂ ਦੇ ਕੁੱਝ ਖਾਲੀ ਪੱਤੇ ਏ.ਆਰ.ਟੀ. ਸੈਂਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨਾਲ ਸਬੰਧਤ ਹਨ ਜਿਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਸ਼ਾਸ਼ਨ ਵੱਲੋਂ ਵੇਸਟ ਡੰਪ ਤੋਂ ਕੂੜਾ ਚੁੱਕਣ ਵਾਲੇ ਫਰੀਦਕੋਟ ਨਗਰ ਸੇਵਾ ਸੁਸਾਇਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਡਾ. ਕੁਕੜ ਨੇ ਦੱਸਿਆ ਕਿ ਮਿਤੀ 17 ਜੂਨ ਨੂੰ ਪੜਤਾਲੀਆ ਟੀਮ ਨੂੰ ਜਹਾਜ ਗਰਾਉਂਡ ਸਾਦਿਕ ਰੋਡ ਫਰੀਦਕੋਟ ਤੋਂ ਵੀ ਮਿਆਦ ਪੁਗਾ ਚੁੱਕੀਆਂ ਦਵਾਈਆਂ ਮਿਲੀਆਂ ਜਿਹਨਾਂ ਦਾ ਰਿਕਾਰਡ ਨੋਟ ਕੀਤਾ ਗਿਆ। ਇਸ ਤੋਂ ਬਾਅਦ ਮਿਤੀ 18 ਜੂਨ ਨੂੰ ਗਠਿਤ ਕਮੇਟੀ ਵੱਲੋਂ ਫਰਮ ਮੈਸ: ਐਸ.ਆਰ. ਮੈਡੀਕਲ ਏਜੰਸੀਜ਼ ਮੇਨ ਰੋਡ, ਸ਼ਹੀਦ ਬਲਵਿੰਦਰ ਸਿੰਘ ਨਗਰ ਫਰੀਦਕੋਟ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਨਵੀਂ ਦਾਣਾ ਮੰਡੀ ਤੋਂ ਮਿਲੀਆਂ ਐਕਸਪਾਇਰਡ ਦਵਾਈਆਂ ਅਤੇ ਜ਼ਹਾਜ ਗਰਾਉਂਡ, ਸਾਦਿਕ ਰੋਡ, ਫਰੀਦਕੋਟ ਤੋਂ ਮਿਲੀਆਂ ਐਕਸਪਾਇਰਡ ਦਵਾਈਆਂ ਦੀ ਖਰੀਦ ਐਸ.ਆਰ. ਮੈਡੀਕਲ ਏਜੰਸੀਜ਼ ਵੱਲੋਂ ਹੀ ਕੀਤੀਆਂ ਗਈਆਂ ਸਨ। ਡਾ. ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਅਤੇ ਹਰਜਿੰਦਰ ਸਿੰਘ ਜਿਲ੍ਹਾ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਸਮੂਹ ਕਮੇਟੀ ਮੈਂਬਰਾਂ ਦੀ ਹਾਜਰੀ ਵਿੱਚ ਦੁਕਾਨ ਮਾਲਕਾਂ ਦੇ ਬਿਆਨ ਲਏ ਗਏ ਜਿਸ ਵਿੱਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਇੱਕ ਕਬਾੜੀਏ ਨੂੰ ਨਸ਼ਟ ਕਰਨ ਲਈ ਚੁਕਾ ਦਿੱਤੀਆਂ ਸਨ, ਪਰ ਕਬਾੜੀਏ ਨੇ ਇਹ ਦਵਾਈਆਂ ਉੱਥੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤੀਆਂ ਅਤੇ ਇਹਨਾਂ ਵੱਲੋਂ ਕੋਈ ਵੀ ਬਾਇਓ ਮੈਡੀਕਲ ਵੇਸਟ ਦਾ ਐਗਰੀਮੈਂਟ ਵੀ ਨਹੀਂ ਕੀਤਾ ਗਿਆ ਜਦੋਂ ਕਿ ਅਜਿਹੀਆਂ ਦਵਾਈਆਂ ਨੂੰ ਨਸ਼ਟ ਕਰਨ ਲਈ ਸਬੰਧਤ ਕੰਪਨੀਆਂ ਨਾਲ ਇਕਰਾਰਨਾਮਾ ਕਰਨਾ ਪੈਂਦਾ ਹੈ। ਇਸ ਲਈ ਮੈਡੀਕਲ ਸਟੋਰ ਸੰਚਾਲਕਾਂ ਨੂੰ ਜਲਦੀ ਤੋਂ ਜਲਦੀ ਅਜਿਹੀ ਕੰਪਨੀ ਨਾਲ ਇਕਰਾਰਨਾਮਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਐਸ.ਆਰ. ਮੈਡੀਕਲ ਏਜੰਸੀਜ਼ ਦੀ ਪੂਰੀ ਰਿਪੋਰਟ ਡੀ.ਸੀ. ਫਰੀਦਕੋਟ ਨੂੰ ਸੌਂਪ ਦਿੱਤੀ ਗਈ ਹੈ। ਇਸ ਉਪਰੰਤ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਫਰਮ ਨੂੰ ਵਿਭਾਗ ਵੱਲੋਂ ਨੋਟਿਸ ਕੱਢ ਦਿੱਤਾ ਗਿਆ ਹੈ ਅਤੇ ਦੁਕਾਨ ਬੰਦ ਕਰਵਾ ਦਿੱਤੀ ਗਈ ਹੈ। ਪੁਲਿਸ ਵਿਭਾਗ ਵੱਲੋਂ ਵੀ ਸਬੰਧਤ ਫਰਮ ਖਿਲਾਫ ਅੰਡਰ ਸੈਕਸ਼ਨ 271, 280, 292 ਅਧੀਨ 20-06-2025 ਨੂੰ ਐਫ.ਆਈ.ਆਰ. ਦਰਜ ਕਰ ਦਿੱਤੀ ਗਈ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਆਪਣੀ ਲਿਖਤੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਉਹਨਾਂ ਆਖਿਆ ਕਿ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀ ਖਰੀਦ ਵੇਚ ਵਿੱਚ ਕਿਸੇ ਵੀ ਕਿਸਮ ਦੀ ਬੇਨਿਯਮੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਭਵਿੱਖ ਵਿੱਚ ਵੀ ਉਹਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਸਮੂਹ ਦਵਾਈ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿਰਧਾਰਤ ਮਾਪਦੰਡਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਲੋੜੀਂਦਾ ਐਗਰੀਮੈਂਟ ਅਤੇ ਰਜਿਸਟਰੇਸ਼ਨ ਵੀ ਕਰਵਾਈ ਜਾਵੇ।