ਮਿਡ-ਡੇ-ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਵਿਤਕਰੇਬਾਜੀ ਦਾ ਲਾਇਆ ਦੋਸ਼
ਕੋਟਕਪੂਰਾ, 30 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ 16 ਸਾਲਾਂ ਤੋਂ ਬਲਾਕ ਦਫ਼ਤਰਾਂ ਵਿੱਚ ਪੂਰੀ ਤਨਦੇਹੀ ਨਾਲ ਬਹੁਤ ਹੀ ਨਿਗੁਣੀਆਂ ਤਨਖਾਹਾਂ ’ਤੇ ਸੇਵਾ ਨਿਭਾਅ ਰਹੇ ਸਹਾਇਕ ਬਲਾਕ ਮੈਨੇਜਰਾਂ ਨਾਲ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਵਾਰ ਫ਼ਿਰ ਧੱਕਾ ਕਰਦਿਆਂ ਰੈਗੂਲਰ ਲਈ ਇਹਨਾਂ ਨੂੰ ਨਹੀਂ ਵਿਚਾਰਿਆ ਗਿਆ, ਜਦਕਿ ਕੈਬਨਿਟ ਸਬ ਕਮੇਟੀ ਵੱਲੋਂ ਹਰੇਕ ਮੀਟਿੰਗ ਵਿੱਚ ਵਾਰ-ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਸਮੱਗਰਾ ਦੇ ਦਫ਼ਤਰੀ ਕਰਮਚਾਰੀਆਂ ਦੇ ਨਾਲ-ਨਾਲ ਮਿਡ-ਡੇ-ਮੀਲ ਦੇ ਸਹਾਇਕ ਬਲਾਕ ਮੈਨੇਜਰਾਂ ਨੂੰ ਵੀ ਰੈਗੂਲਰ ਕਰਨ ਲਈ ਕਿਹਾ ਗਿਆ। ਜਾਣਕਾਰੀ ਦਿੰਦਿਆਂ ਏ.ਬੀ.ਐੱਮ. ਯੂਨੀਅਨ, ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਸ਼ਰਮਾ, ਫ਼ਰੀਦਕੋਟ ਦੇ ਆਗੂ ਦੀਪਕ ਨਾਰੰਗ, ਸੋਨੀਆ ਗੁਪਤਾ, ਕੁਲਬੀਰ ਕੌਰ ਨੇ ਦੱਸਿਆ ਕਿ ਸਾਲ 2009 ਤੋਂ ਸੇਵਾ ਨਿਭਾਅ ਰਹੇ ਮਿਡ-ਡੇ-ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਸਮੇਂ ਦੀਆਂ ਸਰਕਾਰਾਂ ਅਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਤੋਂ ਹੀ ਵਿਤਕਰਾ ਕੀਤਾ ਜਾ ਰਿਹਾ ਹੈ। ਪਹਿਲਾਂ ਸਾਲ 2014 ਵਿੱਚ ਜਦ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਨੂੰ ਗ੍ਰੇਡ ਪੇਅ ਲਾ ਕੇ ਉਹਨਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਪਰ ਮਿਡ-ਡੇ-ਮੀਲ ਸੁਸਾਇਟੀ ਦੇ ਕਰਮਚਾਰੀਆਂ ਨੂੰ ਵੱਖਰੀ ਸੁਸਾਇਟੀ ਦਾ ਨਾਂਅ ਦੇ ਕੇ ਵਿਤਕਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਦਸੰਬਰ 2024 ਵਿੱਚ ਵਿਭਾਗ ਵੱਲੋਂ ਇਕ ਵਾਰ ਫਿਰ ਤੋਂ ਸਹਾਇਕ ਬਲਾਕ ਮੈਨੇਜਰਾਂ ਨਾਲ ਧੱਕਾ ਕਰਦਿਆਂ ਮਿਡ-ਡੇ-ਮੀਲ ਸੁਸਾਇਟੀ ਅਧੀਨ ਕੰਮ ਕਰਦੇ ਲੇਖਾਕਾਰ ਜੋ ਕਿ ਇਹਨਾਂ ਦੇ ਨਾਲ ਹੀ ਭਰਤੀ ਹੋਏ ਸਨ, ਉਹਨਾਂ ਦੀ ਤਨਖਾਹ ਦੀ ਤਨਖਾਹ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਲੇਖਾਕਾਰਾਂ ਦੇ ਬਰਾਬਰ ਕਰਨ ਦੀ ਮਨੂੁਰੀ ਵਿੱਤ ਵਿਭਾਗ ਤੋਂ ਚੁੱਪ-ਚੁਪੀਤੇ ਲੈ ਕੇ ਲੇਖਾਕਾਰਾਂ ਨੂੰ 01 ਅਪ੍ਰੈਲ 2023 ਤੋਂ ਬਕਾਇਆ ਵੀ ਦੇ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਭਾਗ ਨੇ ਮਿਡ-ਡੇ-ਮੀਲ ਸੁਸਾਇਟੀ ਦੇ ਕਰਮਚਾਰੀਆਂ ਨਾਲ ਇੱਕ ਹੋਰ ਵੱਡਾ ਧੱਕਾ ਕਰਦਿਆਂ ਸਿਰਫ਼ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵਿੱਤ ਵਿਭਾਗ ਤੋਂ ਅਸਾਮੀਆਂ ਦੀ ਰਚਨਾ ਕਰਵਾ ਕੇ ਮਤਾ ਕੈਬਨਿਟ ਵਿੱਚ ਭੇਜ ਕੇ ਪਾਸ ਕਰਵਾ ਲਿਆ ਅਤੇ ਮਿਡ-ਡੇ-ਮੀਲ ਦੇ 104 ਕਰਮਚਾਰੀਆਂ ਨੂੰ ਫ਼ਿਰ ਛੱਡ ਦਿੱਤਾ ਗਿਆ। ਵਿੱਤ ਵਿਭਾਗ ਵੱਲੋਂ ਸਾਲ 2019 ਵਿੱਚ ਦਿੱਤੀ ਮਨਜੂਰੀ ਅਨੁਸਾਰ ਸਮੱਗਰਾ ਅਤੇ ਮਿਡ ਡੇ ਮੀਲ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਹਿੱਤ ਅਸਾਮੀਆਂ ਦੀ ਰਚਨਾ ਕਰ ਦਿੱਤੀ ਗਈ ਸੀ ਪਰ ਉਸੇ ਮਨਜੂਰੀ ਦੇ ਅਧਾਰ ’ਤੇ ਹੀ ਹੁਣ ਜੁਲਾਈ 2025 ਵਿੱਚ ਵਿੱਤ ਵਿਭਾਗ ਵੱਲੋਂ ਦੁਬਾਰਾ ਮਨਜੂਰੀ ਦਿੱਤੀ ਗਈ ਪਰ ਵਿਭਾਗ ਵੱਲੋਂ ਫ਼ਿਰ ਤੋਂ ਮਿਡ-ਡੇ-ਮੀਲ ਕਰਮਚਾਰੀਆਂ ਨੂੰ ਛੱਡ ਦਿੱਤਾ ਗਿਆ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਲ 2019 ਵਿੱਚ ਵਿੱਤ ਵਿਭਾਗ ਵੱਲੋਂ ਦਿੱਤੀ ਗਈ ਮਨਜੂਰੀ ਅਨੁਸਾਰ ਸਮੱਗਰਾ ਦੇ ਕਰਮਚਾਰੀਆਂ ਦੇ ਨਾਲ-ਨਾਲ ਮਿਡ-ਡੇ-ਮੀਲ ਦੇ ਕਰਮਚਾਰੀਆਂ ਨੂੰ ਤੁਰਤ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਵਿਭਾਗ ਦੇ ਇਸ ਨਾਦਿਰਸ਼ਾਹ ਫ਼ੈਸਲੇ ਖਿਲਾਫ਼ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ਼ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਲੋੜ ਪੈਣ ’ਤੇ ਅਦਾਲਤ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ।