
ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਪੀ.ਬੀ.ਜੀ. ਵੈਲਫੇਅਰ ਕਲੱਬ’ ਦੀ 15ਵੀਂ ਵਰੇਗੰਢ ਮੌਕੇ ‘ਮਿਸ਼ਨ 1313’ ਤਹਿਤ ਲਾਏ ਗਏ ‘ਮੇਲਾ ਖੂਨਦਾਨੀਆਂ ਦਾ’ ਅਰਥਾਤ ਵਿਸ਼ਾਲ ਖੂਨਦਾਨ ਕੈਂਪ ਦੌਰਾਨ 1651 ਯੂਨਿਟ ਖੂਨ ਇਕੱਤਰ ਹੋਇਆ। ਜੋ ਵੱਖ ਵੱਖ ਹਸਪਤਾਲਾਂ ਦੇ ਬਲੱਡ ਬੈਂਕਾਂ ਦੀਆਂ ਟੀਮਾ ਨੂੰ ਤਕਸੀਮ ਕਰ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਚੇਅਰਮੈਨ ਬਲਜੀਤ ਸਿੰਘ ਖੀਵਾ ਦੀ ਅਗਵਾਈ ਵਿੱਚ ਲੱਗੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹੁੰਚਣਾ ਸੀ ਪਰ ਉਹਨਾ ਦੇ ਅਚਾਨਕ ਦਿੱਲੀ ਜਾਣ ਕਰਕੇ ਉਹਨਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦੀ ਅਗਵਾਈ ਵਾਲੀ ਵੱਡੀ ਟੀਮ ਨੇ ਸ਼ਿਰਕਤ ਕੀਤੀ। ਕਲੱਬ ਦੀ ਵਰੇਗੰਢ ਦੀ ਖੁਸ਼ੀ ਵਿੱਚ ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਵਲੋਂ ਤਿਆਰ ਕਰਕੇ ਲਿਆਂਦਾ ਕੇਕ ਵੀ ਕੱਟਿਆ ਗਿਆ, ਸਪੀਕਰ ਸੰਧਵਾਂ ਦੀ ਟੀਮ ਨੇ ਖੂਨਦਾਨ ਵੀ ਕੀਤਾ। ਕੈਂਪ ਦੌਰਾਨ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਮੇਤ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਸੀਨੀਅਰ ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ, ਭਾਜਪਾ ਆਗੂ ਸੁਨੀਤਾ ਗਰਗ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਪੀਬੀਜੀ ਵੈਲਫੇਅਰ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਸਟੇਜ ਸੰਚਾਲਕ ਲੈਕ. ਵਰਿੰਦਰ ਕਟਾਰੀਆ ਨੇ ਦੱਸਿਆ ਕਿ ਕੈਂਪ ਦੌਰਾਨ ਅਨੇਕਾਂ ਪਤੀ-ਪਤਨੀ ਦੇ ਜੋੜਿਆਂ ਸਮੇਤ ਅਨੇਕਾਂ ਅਜਿਹੇ ਨੌਜਵਾਨ ਲੜਕੇ-ਲੜਕੀਆਂ ਨੇ ਖੂਨਦਾਨ ਕੀਤਾ, ਜਿੰਨਾ ਨੂੰ ਪਹਿਲੀਵਾਰ ਖੂਨਦਾਨ ਕਰਨ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਉਦੇ ਰੰਦੇਵ, ਗੌਰਵ ਗਲਹੋਤਰਾ, ਨਰਿੰਦਰ ਬੈੜ, ਗੁਰਜੰਟ ਸਿੰਘ, ਅਮਨ ਗੁਲਾਟੀ, ਰਵੀ ਅਰੋੜਾ, ਜਸ਼ਨ ਮੱਕੜ ਆਦਿ ਨੇ ਦੱਸਿਆ ਕਿ ਜਦੋਂ 1313 ਦਾ ਟੀਚਾ ਪਾਰ ਹੋ ਗਿਆ ਤਾਂ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਝੂਮ ਉੱਠੇ ਤੇ ਉਹਨਾਂ ਨੱਚਣਾ, ਗਾਉਣਾ, ਡਾਂਸ ਅਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਕਲੱਬ ਦੀ ਇਸਤਰੀ ਵਿੰਗ ਦੀ ਪ੍ਰਧਾਨ ਮਨਜੀਤ ਨੰਗਲ ਨੇ ਕੈਨੇਡਾ ਹੋਣ ਦੇ ਬਾਵਜੂਦ ਵੀ 25 ਡੋਨਰ ਭੇਜੇ, ਜਿਸ ਕਰਕੇ ਮਨਜੀਤ ਨੰਗਲ ਸਮੇਤ ਸਮੁੱਚੇ ਇਸਤਰੀ ਵਿੰਗ ਅਤੇ ਯੂਥ ਵਿੰਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਚਾਣਕੀਆ, ਬਾਬਾ ਲਖਵੀਰ ਸਿੰਘ ਖਾਲਸਾ, ਜਤਿੰਦਰ ਸਿੰਘ ਸੰਨੀ, ਕੁਲਦੀਪ ਸਿੰਘ ਟੋਨੀ, ਰੱਜਤ ਛਾਬੜਾ, ਨੀਰੂ ਪੁਰੀ, ਮੋਨਿਕਾ, ਮਾਹੀ, ਮੰਜੂ ਬਾਲਾ, ਕਾਜਲ ਅਰੋੜਾ, ਜੋਤੀ ਮਲਿਕ, ਮਨਜੋਤ ਗੁਲਾਟੀ, ਸੁਰਿੰਦਰਪਾਲ ਸਿੰਘ ਬਬਲੂ, ਅਮਨ ਘੋਲੀਆ, ਰਿੰਕੂ ਬਿੱਲਾ, ਅੰਕੁਸ਼ ਕਾਮਰਾ ਸਮੇਤ ਵੱਖ ਵੱਖ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰ ਦੇ ਕੌਂਸਲਰ, ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਦੇ ਆਗੂ ਸਹਿਬਾਨਾ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਹਰਪ੍ਰੀਤ ਸਿੰਘ ਚਾਨਾ ਪ੍ਰਧਾਨ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਸਮੇਤ ਕਲੱਬ ਦੇ ਨਵੇਂ ਬਣੇ ਮੈਂਬਰਾਂ ਨੂੰ ਵੀ ਜੀ ਆਇਆਂ ਆਖਿਆ ਗਿਆ।