ਡਾ. ਅਮਰ ਕੋਮਲ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’
ਮਾਨਸਾ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਵੱਲੋਂ ਆਪਣੇ ਸਲਾਨਾ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਜਨਰਲ ਸਕੱਤਰ ਜਗਦੀਸ਼ ਰਾਏ ਕੁਲਰੀਆਂ ਤੇ ਖਜ਼ਾਨਚੀ ਕੁਲਵਿੰਦਰ ਕੌਸ਼ਲ ਨੇ ਦੱਸਿਆ ਹੈ ਕਿ ਮੰਚ ਦੀ ਕਾਰਜਕਾਰਨੀ ਕਮੇਟੀ ਦੀ ਹੋਈ ਮੀਟਿੰਗ ਵਿਚ ਮਿੰਨੀ ਕਹਾਣੀ ਲੇਖਕਾਂ, ਆਲੋਚਕਾਂ ਅਤੇ ਸਹਿਯੋਗੀਆਂ ਲਈ ਸਲਾਨਾ ਪੁਰਸਕਾਰਾਂ ਦਾ ਫੈਸਲਾ ਕੀਤਾ ਗਿਆ ਹੈ। ਬਜ਼ੁਰਗ ਮਿੰਨੀ ਕਹਾਣੀ ਲੇਖਕ ਅਤੇ ਆਲੋਚਕ ਡਾ. ਅਮਰ ਕੋਮਲ ਨੂੰ ਮਿੰਨੀ ਕਹਾਣੀ ਦੇ ਖੇਤਰ ਵਿਚ ਬਤੌਰ ਲੇਖਕ, ਸੰਪਾਦਕ, ਅਨੁਵਾਦਕ ਤੇ ਸਮੁਚੇ ਜੀਵਨ ਦੌਰਾਨ ਮਿੰਨੀ ਕਹਾਣੀ ਲਈ ਕੀਤੇ ਕਾਰਜਾਂ ਕਰਕੇ ‘ਸ਼੍ਰੀ ਦਰਸ਼ਨ ਮਿਤਵਾ ਯਾਦਗਾਰੀ ਮਿੰਨੀ ਕਹਾਣੀ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਕਾਰ ਸ਼ਿੰਗਾਰ ਯਾਦਗਾਰੀ ਮਿੰਨੀ ਕਹਾਣੀ ਵਿਕਾਸ ਪੁਰਸਕਾਰ –ਅਸ਼ਵਨੀ ਗੁਪਤਾ, ਸਾਬਕਾ ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ‘ਅਮਰਜੀਤ ਸਿੰਘ ਸਰੀਂਹ ਏ ਐਸ ਆਈ ਯਾਦਗਾਰੀ ਮਿੰਨੀ ਕਹਾਣੀ ਆਲੋਚਕ ਪੁਰਸਕਾਰ-ਡਾ. ਕੁਲਦੀਪ ਸਿੰਘ, ਚੇਅਰਪਰਸਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ , ਮਾਤਾ ਮਹਾਂਦੇਵੀ ਕੌਸ਼ਿਕ ਯਾਦਗਾਰੀ ਲਘੂਕਥਾ ਪੁਰਸਕਾਰ-ਸ਼੍ਰੀਮਤੀ ਅੰਜੂ ਖਰਬੰਦਾ ਦਿੱਲੀ, ਸ਼੍ਰੀ ਗੋਪਾਲ ਵਿੰਦਰ ਮਿੱਤਲ ਯਾਦਗਾਰੀ ਮਿੰਨੀ ਕਹਾਣੀ ਖੋਜ ਪੁਰਸਕਾਰ- ਸ਼੍ਰੀ ਕਰਮਵੀਰ ਸਿੰਘ ਸੂਰੀ, ਸ਼੍ਰੀ ਰਾਜਿੰਦਰ ਕੁਮਾਰ ਨੀਟਾ ਯਾਦਗਾਰੀ ਮਿੰਨੀ ਕਹਾਣੀ ਯੁਵਾ ਲੇਖਕ ਪੁਰਸਕਾਰ-ਪਰਮਜੀਤ ਕੌਰ ਸ਼ੇਖੂਪੁਰ ਕਲਾਂ ਅਤੇ ਸ੍ਰ. ਗੁਰਬਚਨ ਸਿੰਘ ਕੋਹਲੀ ਯਾਦਗਾਰੀ ਮਿੰਨੀ ਕਹਾਣੀ ਸਹਿਯੋਗੀ ਪੁਰਸਕਾਰ-ਡਾ. ਨਰੇਸ਼ ਗਰੋਵਰ ਅੰਮ੍ਰਿਤਸਰ ਨੂੰ ਦਿੱਤਾ ਜਾਵੇਗਾ। ਮੰਚ ਵੱਲੋਂ ਇਹ ਪੁਰਸਕਾਰ ਮਿਤੀ 04-05 ਅਕਤੂਬਰ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ 31ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ।
ਫੋਟੋ: ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਲਈ ਚੁਣੇ ਲੇਖਕ।