ਜ਼ਿਲਾ ਫਰੀਦਕੋਟ ਦੇ ਪਿੰਡਾਂ ਔਲਖ, ਸਿਰਸੜੀ ਅਤੇ ਦੇਵੀਵਾਲਾ ਵਿੱਚ ਖੇਤਾਂ ’ਚ ਖੜ੍ਹਾ ਹੈ ਪਾਣੀ
ਕੋਟਕਪੂਰਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੀਂਹ ਅਤੇ ਗੜੇਮਾਰੀ ਕਾਰਨ ਤਿੰਨ ਪਿੰਡਾਂ ਵਿੱਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਿਲਾ ਫਰੀਦਕੋਟ ਦੇ ਪਿੰਡਾਂ ਔਲਖ, ਸਿਰਸੜੀ ਅਤੇ ਦੇਵੀਵਾਲਾ ਵਿੱਚ ਕਣਕ ਦੀਆਂ ਪੱਕੀਆਂ ਫ਼ਸਲਾਂ ਵਿੱਚ ਹਾਲੇ ਵੀ ਪਾਣੀ ਖੜ੍ਹਾ ਹੈ ਅਤੇ ਕਣਕ ਵਿਛੀ ਪਈ ਹੈ। ਕਿਸਾਨ ਪ੍ਰੀਤਮ ਸਿੰਘ, ਕੇਵਲ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਤੀਜਾ ਸੀਜਨ ਹੈ, ਜਦੋਂ ਕਿ ਲਗਾਤਾਰ ਫ਼ਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਕਣਕ ਵਿੱਚ ਪਾਣੀ ਖੜ੍ਹ ਗਿਆ ਅਤੇ ਝੱਖੜ ਕਾਰਨ ਕਣਕ ਵਿਛ ਗਈ। ਹੁਣ ਹਾਲਾਤ ਇਹ ਬਣੇ ਹੋਏ ਹਨ ਕਿ ਪਾਣੀ ਨੂੰ ਛਾਂ ਹੋਣ ਕਾਰਨ ਇੱਥੇ ਜਾਲਾ ਪੈ ਰਿਹਾ ਹੈ ਅਤੇ ਨਾੜ ਗਲਣੀ ਸ਼ੁਰੂ ਹੋ ਚੁੱਕੀ ਹੈ। ਇਹ ਹਾਲਾਤ ਇਨ੍ਹਾਂ ਪਿੰਡਾਂ ਦੇ ਲਗਭਗ 500 ਏਕੜ ਦੇ ਕਰੀਬ ਰਕਬੇ ਵਿੱਚ ਬਣੇ ਹੋਏ ਹਨ। ਕਿਸਾਨਾਂ ਅਨੁਸਾਰ ਇੱਥੋਂ ਕਣਕ ਦੀ ਫ਼ਸਲ ਦੀ ਵਾਢੀ ਵਿੱਚ ਭਾਰੀ ਮੁਸ਼ਕਿਲਾਂ ਆਉਣਗੀਆਂ। ਉਨ੍ਹਾਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਤੁਰਤ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ, ਜੇਕਰ ਗਿਰਦਾਵਰੀ ਲੇਟ ਹੁੰਦੀ ਹੈ ਤਾਂ ਨੁਕਸਾਨ ਦਾ ਅੰਦਾਜ਼ਾ ਪੂਰੀ ਤਰ੍ਹਾਂ ਨਹੀਂ ਲੱਗਦਾ, ਜਿਸ ਕਾਰਨ ਮੁਆਵਜ਼ਾ ਨੁਕਸਾਨ ਜਿੰਨਾ ਨਹੀਂ ਮਿਲਦਾ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਜਿੱਥੇ ਵੀ ਨੁਕਸਾਨ ਹੋਇਆ ਹੈ, ਉਸ ਸਬੰਧੀ ਪਹਿਲਾਂ ਹੀ ਸੂਬਾ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕੋਟਕਪੂਰਾ ਹਲਕੇ ਵਿੱਚ ਵੀ ਹੁਣੇ ਮੌਕੇ ’ਤੇ ਜਾ ਕੇ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।

