ਤਰਕਸ਼ੀਲ ਸੁਸਾਇਟੀ ਦਾ ਦੋ ਰੋਜ਼ਾ ਸਾਲਾਨਾ ਡੈਲੀਗੇਟ ਇਜਲਾਸ ਸ਼ੁਰੂ

ਬਰਨਾਲਾ 7 ਅਪ੍ਰੈਲ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਵਿਚ ਅੰਧ ਵਿਸ਼ਵਾਸ਼ਾਂ ਵਿਰੁੱਧ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਜਦੋਜਹਿਦ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਇਜਲਾਸ ਤਰਕਸ਼ੀਲ ਭਵਨ, ਬਰਨਾਲਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ 10 ਜੋਨਾਂ ਦੀਆਂ 50 ਇਕਾਈਆਂ ਦੇ ਚੁਣੇ ਹੋਏ 150 ਡੈਲੀਗੇਟਾਂ ਅਤੇ ਦਰਸ਼ਕਾਂ ਨੇ ਭਾਗ ਲਿਆ।
ਇਸ ਮੌਕੇ ਉਦਘਾਟਨੀ ਸੈਸ਼ਨ ਦੇ ਮੁੱਖ ਬੁਲਾਰੇ ਪ੍ਰਸਿੱਧ ਜਮਹੂਰੀ ਚਿੰਤਕ ਅਤੇ ਸਮਾਜਿਕ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ‘ ਮੌਜੂਦਾ ਦੌਰ ਚ ਫਾਸ਼ੀਵਾਦ ਦੀਆਂ ਚੁਣੌਤੀਆਂ ਅਤੇ ਸਾਡੇ ਕਾਰਜ ’ ਵਿਸ਼ੇ ਸੰਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਮਾਰਚ 2026 ਤੱਕ ਨਕਸਲਵਾਦ ਦਾ ਸਫ਼ਾਇਆ ਕਰਨ’ ਦੀ ਭਾਜਪਾ ਦੀ ਨੀਤੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਅਖੌਤੀ ਆਰਥਿਕ ਵਿਕਾਸ ਦੇ ਨਾਂਅ ਹੇਠ ਆਦਿਵਾਸੀ ਲੋਕਾਂ ਦੇ ਕੀਤੇ ਜਾ ਰਹੇ ਉਜਾੜੇ, ਕਤਲੇਆਮ ਅਤੇ ਉਨ੍ਹਾਂ ਦੇ ਜਲ, ਜੰਗਲ, ਜ਼ਮੀਨ ਅਤੇ ਖਣਿਜ ਪਦਾਰਥਾਂ ਨੂੰ ਲੁੱਟਣ ਲਈ ਕਾਰਪੋਰੇਟ ਪ੍ਰੋਜੈਕਟਾਂ ਦਾ ਰਾਹ ਸਾਫ਼ ਕਰਨ ਦੀ ਫਾਸ਼ੀਵਾਦੀ ਨੀਤੀ ਹੈ ਜਿਸ ਦਾ ਲੋਕਾਂ ਦੇ ਬੁਨਿਆਦੀ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਮੁਕਾਬਲਿਆਂ’ ਦੇ ਨਾਂਅ ਹੇਠ ‘ਓਪਰੇਸ਼ਨ ਕਗਾਰ’ ਤਹਿਤ ਬਸਤਰ ਖੇਤਰ ਅੰਦਰ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਗ਼ੈਰਅਦਾਲਤੀ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਆਦਿਵਾਸੀ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਸਮੇਤ ਸਾਰੀਆਂ ਹੀ ਜਮਹੂਰੀ ਤੇ ਨਿਆਂਪਸੰਦ ਤਾਕਤਾਂ ਅਤੇ ਸਮਾਜ ਦੇ ਸਮੂਹ ਚੇਤਨ ਲੋਕਾਂ ਨੂੰ ਹੁਕਮਰਾਨਾਂ ਦੇ ਇਨ੍ਹਾਂ ਮਨਸੂਬਿਆਂ ਅਤੇ ਕਤਲੇਆਮ ਖ਼ਿਲਾਫ਼ ਆਵਾਜ਼ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸੂਬਾ ਕਮੇਟੀ ਆਗੂ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ ਅਤੇ ਬਲਬੀਰ ਲੌਂਗੋਵਾਲ ਨੇ ਕੀਤੀ।
ਇਸਤੋਂ ਪਹਿਲਾਂ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਅਤੇ ਪੰਜਾਬ ਦੀਆਂ ਸਮੂਹ ਇਕਾਈਆਂ ਦੇ ਹਾਜ਼ਰ ਡੈਲੀਗੇਟਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਸਮੇਤ ਦੇਸ਼ ਵਿਚ ਧਾਰਮਿਕ ਮੂਲਵਾਦ ਦੀ ਰਾਜਨੀਤੀ ਕਰਨ ਵਾਲੀਆਂ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਵਿਗਿਆਨਕ ਵਿਚਾਰਧਾਰਾ ਅਤੇ ਤਰਕਸ਼ੀਲ ਸੰਸਥਾਵਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਦਾ ਟਾਕਰਾ ਕਰਨ ਲਈ ਲੋਕ ਪੱਖੀ ਜਮਹੂਰੀ ਜਨਤਕ ਜੱਥੇਬੰਦੀਆਂ ਨਾਲ ਸਾਂਝੀਆਂ ਸਰਗਰਮੀਆਂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਸਟੇਜ ਦੀ ਕਾਰਵਾਈ ਸੂਬਾ ਕਮੇਟੀ ਆਗੂ ਰਾਮ ਸਵਰਨ ਲੱਖੇਵਾਲੀ ਵਲੋਂ ਚਲਾਈ ਗਈ।
