ਖੁਸ਼ੀਆਂ ਮੁੜ ਆਈਆਂ
ਸੰਗਰੂਰ 12 ਮਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਕਈ ਵਾਰ ਕੁੜੀਆਂ ਦੀ ਸਹਿਮਤੀ ਤੋਂ ਬਿਨਾਂ ਮਾਤਾ—ਪਿਤਾ ਆਪ ਹੀ ਆਪਣੀ ਪਸੰਦ ਦਾ ਰਿਸ਼ਤਾ ਚੁਣ ਲੈਂਦੇ ਨੇ।ਕੁੜੀ ਉਸਨੂੰ ਪਸੰਦ ਕਰੇ ਭਾਵੇਂ ਨਾ ਕਰੇ। ।ਪਸੰਦ ਬਹਾਰ ਲਿਆ ਦਿੰਦੀ ਹੈ ਤੇ ਨਾ-ਪਸੰਦ ਨਮੋਸ਼ੀ, ਮਾਨਸਿਕ ਨਿਰਾਸ਼ਾ। ਜਿਹੜੇ ਮਾਪੇ ਲੜਕੀ ਦੀ ਸਹਿਮਤੀ ਨਾਲ, ਖੁੱਲੇੇ ਵਿਚਾਰਾਂ ਨਾਲ ਦਿਲੋਂ ਉਨ੍ਹਾਂ ਦੀ ਰਾਏ ਨਾਲ ਰਿਸ਼ਤਾ ਕਰਦੇ ਹਨ ਤਾਂ ਵਧੀਆ ਨਿਭਣ ਦੇ ਮੌਕੇ ਵੱਧ ਹੁੰਦੇ ਹਨ।ਦੋਵਾਂ ਦੀ ਪਸੰਦ/ ਸਹਿਮਤੀ ਤੋਂ ਬਿਨਾਂ ਹੋਏ ਵਿਆਹ, ਕਈ ਵਾਰੀ ਅਸਫਲ ਰਹਿੰਦੇ ਹਨ ਤੇ ਘਰ ਨਰਕ ਬਣ ਜਾਂਦਾ ਹੈ । ਕੁੜੀ ਦੇ ਮਨ ‘ਤੇ ਬਹੁਤ ਹੀ ਮਾੜਾ ਅਸਰ ਪੈ ਜਾਂਦਾ ਹੈ ਤੇ ਉਹ ਆਪਣੇ ਮਨ ਨਾਲ ਸਮਝੌਤਾ ਨਾ ਕਰਕੇ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਜਾਂਦੀ ਹੈ।ਪਿਛਲੇ ਸਮੇਂ ਤਰਕਸ਼ੀਲ ਸੁਸਾਇਟੀ ਸੰਗਰੂਰ ਕੋਲ ਇੱਕ ਐਮ.ਏ. ਪਾਸ ਲੜਕੀ ਦਾ ਕੇਸ ਆਇਆ, ਜੋ ਵਿਆਹ ਤੋਂ ਬਾਅਦ ਲਗਪੱਗ ਤਿੰਨ ਸਾਲ ਮੰਜੇ ਤੇ ਹੀ ਪਈ ਰਹੀ।ਉਸ ਕੋਲ ਕੋਈ ਬੱਚਾ ਨਹੀਂ ਸੀ।ਕੁੜੀ ਦਾ ਚਿਹਰਾ ਮੁਰਝਾ ਗਿਆ ਸੀ,ਉਹ ਭਾਰੀ ਨਿਰਾਸ਼ਾ ਦਾ ਸ਼ਿਕਾਰ ਸੀ। ਕੁੜੀ ਨੂੰ ਓਪਰੀ ਚੀਜ਼ ਦਾ ਅਸਰ/ਸਾਇਆ ਸਮਝ ਕੇ ਪਹਿਲਾਂ ਕੁੜੀ ਦੇ ਮਾਪੇ ਅਤੇ ਸਹੁਰੇ ਸਿਆਣਿਆ ਦੇ ਚੱਕਰ ਵਿੱਚ ਪਏ ਰਹੇ ।ਜਿੱਥੇ ਪਤਾ ਚਲਦਾ ,ਬਈ ਫਲਾਣਾ ਸਿਆਣਾ ,ਫਲਾਣਾ ਬਾਬਾ ਧਾਗੇ ਤਵੀਤ ਦਿੰਦਾ ਹੈ, ਜਿਸ ਨਾਲ ਓਪਰੀ ਸ਼ੈਅ ਦਾ ਅਸਰ ਖਤਮ ਕੀਤਾ ਜਾਂਦਾ ਹੈ,ਔਲਾਦ ਹੋ ਜਾਂਦੀ ਹੈ,ਬੰਦਾ ਠੀਕ ਹੋ ਜਾਂਦਾ ਹੈ, ਉੱਥੇ ਹੀ ਚਲੇ ਜਾਂਦੇ । ਤਿੰਨ ਸਾਲਾਂ ਤੱਕ ਸਿਆਣਿਆਂ ਦੇ ਭਰਮ ਜਾਲ ਵਿੱਚ ਫਸੇ ਰਹੇ,ਉਹ ਲੁੱਟਦੇ ਰਹੇ, ਡਰਾਉਂਦੇ,ਭਰਮਾਉਂਦੇ ਰਹੇ,ਇਹ ਲੁੱਟ ਤੇ ਭਰਮ ਦਾ ਸ਼ਿਕਾਰ ਬਣੇ ਰਹੇ।ਬਥੇਰੇ ਧਾਗੇ ਤਵੀਤ ਕਰਵਾਏ, ਰੋਟ ਲਾਏ,ਟੂਣੇ -ਟਾਮਣ ਕੀਤੇ, ਰਾਤ ਨੂੰ ਚੁਰੱਸਤਿਆ ‘ਚ ਇਸ਼ਨਾਨ ਕੀਤਾ , ਚਿਰਾਗ ਜਗਾਏ ,ਕੜ੍ਹਾਈਆ ਕੀਤੀਆਂ,ਪਰ ਉਨ੍ਹਾਂ ਦੇ ਘਰ ਬੱਚਾ ਨਾ ਹੋਇਆ।ਕੁੜੀ ਠੀਕ ਨਾ ਹੋਈ। ਲੜਕੀ ਦੇ ਪੇਕੇ ਅਤੇ ਸਹੁਰਿਆਂ ਨੇ ਹਜ਼ਾਰਾਂ ਰੁਪਏ ਖਰਚ ਕਰ ਦਿੱਤੇ ਪਰ ਖਰਚਿਆ ਪੈਸਾ ਰਾਸ ਨਾ ਆਇਆ ।ਅੰਤ ਉਹ ਹਾਰ -ਹੰਭ ਕੇ ਸਿਆਣਿਆਂ ਕੋਲੋਂ ਥੱਕ ਕੇ ਘਰ ਬੈਠ ਗਏ।ਕਿਸੇ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਨਾਲ ਉਨ੍ਹਾਂ ਦਾ ਵਾਹ ਪਿਆ ਤਾਂ ਉਨ੍ਹਾਂ ਨੇ ਤਰਕਸ਼ੀਲਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ।ਪੁੱਛਦੇ —ਪੁਛਾਉਂਦੇ ਲੜਕੀ ਦੇ ਮਾਪੇ ਸਾਡੇ ਕੋਲ ਪਹੁੰਚੇ ।ਉਨ੍ਹਾਂ ਨਾਲ ਲੜਕੀ ਵੀ ਸੀ। ਉਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਜਦੋਂ ਉਹ ਪੜ੍ਹਦੀ ਸੀ ਤਾਂ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਉਹ ਆਪਣੇ ਸਕੂਲ ਚੋਂ ਪਹਿਲੇ ਸਥਾਨ ਤੇ ਆਉਂਦੀ ਰਹੀ। ਦਸਵੀਂ ਪਾਸ ਕਰਨ ਤੋਂ ਬਆਦ ੳਸਦੇ ਮਾਪਿਆਂ ਨੇ ਉਸਨੂੰ ਪੜ੍ਹਨੋਂ ਹਟਾ ਲਿਆ।ਲੜਕੀ ਨੂੰ ਬੜੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਪਰ ਹੁਸ਼ਿਆਰ ਹੋਣ ਕਾਰਨ ਉਹ ਟਿਕ ਕੇ ਨਾ ਬੈਠੀ ਅਤੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਤਰਕੀਬਾਂ ਸੋਚਣ ਲੱਗੀ ।ਬੜੀ ਸੋਚ ਵਿਚਾਰ ਤੋਂ ਬਆਦ ਉਸਨੇ ਪ੍ਰਾਈਵੇਟ ਗਿਆਨੀ ਦਾ ਇਮਤਿਹਾਨ ਦਿੱਤਾ ,ਜਿਸਨੂੰ ਉਹ ਪਹਿਲੇ ਸਾਲ ਵਿੱਚ ਹੀ ਪਾਸ ਕਰ ਗਈ ਅਤੇ ਬਾਅਦ ਵਿੱਚ ਉਸਨੇ ਐਮ.ਏ. ਪਹਿਲੇ ਦਰਜੇ ਵਿੱਚ ਪਾਸ ਕਰ ਗਈ।ਉਸਦੇ ਮਾਪਿਆਂ ਨੇ ਸੋਚਿਆ ਕਿ ਕੁੜੀ ਬਹੁਤ ਪੜ੍ਹ ਗਈ ਹੈ ।ਹੁਣ ਇਸਦਾ ਰਿਸ਼ਤਾ ਕਰ ਦੇਣਾ ਚਾਹੀਦਾ ਹੈ । ਲੜਕੀ ਦੀ ਰਾਇ ਤੋਂ ਬਿਨਾਂ,ਉਨ੍ਹਾਂ ਤਕੜੀ ਜਾਇਦਾਦ ਦੇ ਮਾਲਕ ਦਸਵੀਂ ਪਾਸ ਲੜਕੇ ਨਾਲ ਉਸ ਦਾ ਵਿਆਹ ਕਰ ਦਿੱਤਾ । ਉਸਦੇ ਮਾਪਿਆਂ ਨਾਲ ਕੀਤੀ ਗੱਲਬਾਤ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ। ਕੁੜੀ ਨਾਲ ਗੱਲ ਕਰਨ ਤੋਂ ਪਹਿਲਾਂ ਸਾਡੀ ਤਰਕਸ਼ੀਲ ਟੀਮ ਨੇ ਸਿੱਟਾ ਕੱਢਿਆ ਕਿ ਉਸਦੀਆਂ ਰੀਝਾਂ , ਉਸਦੇ ਸੁਪਨੇ,ਪਤੀ ਸਬੰਧੀ ਕੀਤੀਆਂ ਕਲਪਨਾਵਾਂ ,ਧਰੀਆਂ ਧਰਾਈਆਂ ਰਹਿ ਗਈਆਂ ਹਨ। ਉਸ ਸੋਚਿਆ ਹੋਣਾ ਕਿ ਐਮ.ਏ. ਤੱਕ ਐਵੇਂ ਪੜ੍ਹੀ ।ਮਾਪਿਆਂ ਨੇ ਸਿਰਫ ਜਾਇਦਾਦ ਪਿੱਛੇ ਦਸਵੀਂ ਪਾਸ ਲੜਕੇ ਲੜ ਲਾ ਦਿੱਤਾ ।ਜੋ ਕੁੱਝ ਉਹ ਸੋਚਦੀ ਰਹਿੰਦੀ ਸੀ,ਉਸਦੇ ਬਿਲਕੁੱਲ ਉਲਟ ਹੋਇਆ।ਉਸਦੀਆਂ ਭਾਵਨਾਵਾਂ ਨੂੰ ਬਹੁਤ ਸੱਟ ਵੱਜੀ । ਸਾਡੀ ਤਿੰਨ ਮੈਂਬਰੀ ਟੀਮ ਨੇ ਪਹਿਲਾਂ ਲੜਕੀ ਦੇ ਮਾਪਿਆਂ ਤੋਂ ਉਸ ਦੇ ਘਰ ਵਿੱਚ ਉਸ ਨਾਲ ਹੁੰਦੇ ਵਰਤਾਓ ਸਬੰਧੀ ਪੁੱਛਿਆ ਗਿਆ।ਫਿਰ ਉਸਦੇ ਸਹੁਰਿਆਂ ਦੇ ਘਰ ਦੀ ਪੋਜੀਸ਼ਨ ਬਾਰੇ। ਅਖੌਤੀ ਸਿਆਣਿਆਂ ਕੋਲ ਮਾਰੇ ਗੇੜਿਆਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ।ਉਸਦੇ ਮਾਪੇ—ਸਹੁਰੇ ਆਖਦੇ ਰਹੇ ਕਿ ਅਸੀਂ ਤਾਂ ਕਦੇ ਲੜਕੀ ਝਿੜਕੀ ਵੀ ਨਹੀਂ।ਅਸਲ ‘ਚ ਮਾਪਿਆਂ ਨੂੰ ਲੜਕੀ ਦਾ ਦੁੱਖ ਪਤਾ ਹੀ ਨਹੀਂ ਸੀ। ਉਹ ਅਖੌਤੀ ਸਿਆਣਿਆਂ ਦੇ ਚੱਕਰਾਂ ਵਿੱਚ ਪਏ ਰਹੇ।ਜਦੋਂ ਉਸ ਲੜਕੀ ਨੂੰ ਗੱਲਬਾਤ ਲਈ ਇਕੱਲੀ ਨੂੰ ਬੁਲਾਇਆ ਗਿਆ ਤਾਂ ਉਹ ਬਹੁਤ ਉਦਾਸ,ਉਚਾਟ ਤੇ ਨਿਰਾਸ਼ ਸੀ।ਉਸਦੇ ਚਿਹਰੇ ਤੋਂ ਨਿਰਾਸ਼ਤਾ ਦੀ ਝਲਕ ਸਾਫ਼ ਦਿਸਦੀ ਸੀ ਤੇ ਸੁਭਾਅ ਵਿੱਚ ਵੀ ਚਿੜਚਿੜਾਪਣ ਸੀ।ਮਨੋਵਿਗਿਆਨਕ ਤੇ ਵਿਗਿਆਨਕ ਪੱਖੋਂ ਸਾਰਾ ਸਿੱਟਾ ਕੱਢਣ ਤੋਂ ਬਾਅਦ ਉਸ ਨਾਲ ਗੱਲਬਾਤ ਸ਼ੁਰੂ ਕਰਦਿਆ ਮੈਂ ਕਿਹਾ ,” ਤੇਰੇ ਮਨ ਨੂੰ ਕੋਈ ਗਹਿਰੀ ਸੱਟ ਵੱਜੀ ਹੈ, ਤੇਰੀਆਂ ਰੀਝਾਂ- ਸੱਧਰਾਂ ਅਧੁੂਰੀਆਂ ਰਹੀਆਂ ਤੇ ਤੇਰੇ ਸੁਪਨੇ ਟੁੱਟੇ ਲੱਗਦੇ ਹਨ। ਤੇਰਾ ਵਿਆਹ ਤੇਰੀ ਮਰਜ਼ੀ ਵਗੈਰ ਹੋਇਆ ਲੱਗਦੈ।” ਗੱਲਾਂ ਬਾਤਾਂ ਰਾਹੀਂ ਪੂਰੇ ਵਿਸ਼ਵਾਸ ਵਿੱਚ ਲੈਣ ਤੋਂ ਬਾਅਦ ਕੁੱਝ ਸਮਾਂ ਉਹ ਚੁੱਪ ਰਹੀ।ਬਾਅਦ ਵਿੱਚ ਉਸਨੇ ਦੱਸਣਾ ਸ਼ੁਰੂ ਕੀਤਾ ,” ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।ਦਸਵੀਂ ਕਲਾਸ ਤੱਕ ਤਾਂ ਮੈਂ ਸਕੂਲ ਵਿੱਚ ਪੜ੍ਹਦੀ ਰਹੀ ਤੇ ਬਾਅਦ ਵਿੱਚ ਐਮ.ਏ. ਤੱਕ ਪ੍ਰਾਈਵੇਟ ਪੜ੍ਹੀ ।ਮੇਰਾ ਵਿਆਹ ਮੇਰੀ ਮਰਜ਼ੀ ਦੇ ਉਲਟ ਕੀਤਾ ਗਿਆ ਹੈ। ਮੈਂ ਆਪਣੇ ਜੀਵਨਸਾਥੀ ਦੇ ਉੱਚ ਪੜ੍ਹੇ ਲਿਖੇ ਅਫ਼ਸਰ ਦੇ ਸੁਪਨੇ ਲੈਂਦੀ ਸੀ ਪਰ ਮਾਪਿਆਂ ਨੇ ਸਾਰੇ ਸੁਪਨੇ ਤੋੜ ਸੁੱਟੇ। ਮੇਰਾ ਨਾਪਸੰਦ ਵਿਆਹ ਇੱਕ ਵੱਡਾ ਦੁਖਾਂਤ ਬਣ ਗਿਆ ਹੈ। ਮੈਂ ਐਮ ਏ ਪਾਸ ਹਾਂ,ਇਹ ਦਸਵੀਂ ਪਾਸ।” ਕਹਾਣੀ ਸਪਸ਼ਟ ਸੀ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਦੋਵੇਂ ਪਤੀ -ਪਤਨੀ ਦੀ ਅਣਥਣ ਹੋ ਗਈ ਹੈ। ਵਿਆਹੁਤਾ ਜੀਵਨ ਲੜਖੜਾ ਗਿਆ।ਹੁਣ ਉਹ ਇੱਕ ਦੂਜੇ ਨੂੰ ਮਿਲ ਕੇ ਖੁਸ਼ ਨਹੀਂ ਸਨ,ਜਿਸ ਕਾਰਨ ਉਨ੍ਹਾਂ ਦਾ ਗ੍ਰਹਿਸਥੀ ਜੀਵਨ ਵੀ ਨਿਰਾਸ਼ਤਾ ਵਾਲੇ ਪਾਸੇ ਵੱਲ ਜਾ ਰਿਹਾ ਸੀ।ਦੋਵੇਂ ਪਤੀ—ਪਤਨੀ ਆਪਸ ਵਿੱਚ ਕਈ ਵਾਰ ਲੜ ਪੈਂਦੇ ਤੇ ਕਈ ਕਈ ਦਿਨ ਨਾ ਬੋਲਦੇ।ਬੇਪਸੰਦ ਵਿਆਹ ਕਾਰਨ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਉਹ ਸਮਝਦੀ ਸੀ ਕਿ ਮੈਨੂੰ ਅਨਪੜ੍ਹ ਦੇ ਨਾਲ ਜਕੜ ਦਿੱਤਾ ਹੈ , ਉਹ ਇਕ ਦੂਜੇ ਨੂੰ ਘਟ ਹੀ ਬੁਲਾਉਂਦੇ ਸਨ।ਪਰ ਉਹ ਆਚਰਨ ਦੀ ਸੱਚੀ ਸੀ ,ਭਾਵਕ ਸੀ ਜਿਸ ਕਾਰਨ ਉਹ ਤਿੰਨ ਸਾਲ ਮੰਜੇ ਤੇ ਪਈ ਰਹੀ ਤੇ ਮਾਨਸਿਕ ਰੋਗਣ ਹੋ ਗਈ।ਉਸਨੇ ਦੁੱਖ ਤਕਲੀਫਾਂ ਬਥੇਰੀਆਂ ਝੱਲੀਆਂ ,ਪ੍ਰੰਤੂ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕੀਤੀ ।ਜਿਸ ਕਾਰਨ ਉਹ ਨਿਰਾਸ਼ਤਾ ਦੇ ਪਿੜ ਵਿੱਚ ਨਪੀੜੀ ਜਾ ਰਹੀ ਸੀ।ਮਾਪਿਆਂ ਵੱਲੋਂ ਉਸਦੀ ਮਰਜ਼ੀ ਤੋਂ ਬਿਨ੍ਹਾਂ ਕੀਤੇ ਵਿਆਹ ਕਾਰਨ ਭਰ ਜਵਾਨੀ ਵਿੱਚ ਹੀ ਉਸਦੇ ਚਿਹਰੇ ਦੀ ਰੌਣਕ ਜਾਂਦੀ ਰਹੀ ਸੀ। ਚਿਹਰਾ ਮੁਰਝਾ ਗਿਆ ਸੀ,ਉਹ ਬੁੱਢੀਆਂ ਵਾਂਗ ਜਾਪਣ ਲੱਗ ਪਈ ਸੀ।ਉਸਦੇ ਜਾਗਦੇ ਸੁਪਨੇ ਸੌਂ ਗਏ ਸਨ। ਉਹ ਦਿਨੇ ਵੀ ਅਕਸਰ ਸੁੱਤੀ ਅਵਸਥਾ ਵਿੱਚ ਕਲਪਨਾ ਕਰਦੀ ਸੀ।ਯਥਾਰਥ ਸਾਹਮਣੇ ਆਉਣ ਕਾਰਨ ਮੁਰਝਾ ਗਈ। ਉਸਨੂੰ ਗੱਲਬਾਤ ਰਾਹੀਂ ਉਸਾਰੂ ,ਸਾਰਥਿਕ ਸੁਝਾਅ ਦਿੱਤੇ ਗਏ। ਉਸਨੂੰ ਕਿਹਾ ਕਿ ਵਿਆਹ ਸਮੇਂ ਤੈਨੂੰ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਸੀ, ਪੜ੍ਹੇ ਲਿਖੇ ਹੋਣ ਦਾ ਫਾਇਦਾ ਲੈਣਾ ਚਾਹੀਦਾ ਸੀ,ਜ਼ਿੰਦਗੀ ਅਡਜਸਟਮੈਂਟ ਹੈ, ਤੈਨੂੰ ਆਪਣੀ ਗਲਤੀ ਸਵੀਕਾਰਨੀ ਚਾਹੀਦੀ ਹੈ।ਆਪਣੇ ਮਨ ਨੂੰ ਸਮਝਾ ਕੇ ਤੂੰ ਹੁਣ ਜ਼ਿੰਦਗੀ ਨੂੰ ਵਧੀਆ, ਖੂਬਸੂਰਤ ਬਣਾ ਸਕਦੀ ਹੈਂ।ਉਸਨੂੰ ਸਮਝਾਇਆ ਗਿਆ ਕਿ ਭਾਵੇਂ ਤੇਰਾ ਪਤੀ ਤੇਰੇ ਤੋਂ ਘੱਟ ਪੜ੍ਹਿਆ ਲਿਖਿਆ ਹੈ ਪ੍ਰੰਤੂ ਬਹੁਤ ਸਮਝਦਾਰ ,ਸੋਹਣਾ ਸੁਨੱਖਾ ਹੈ,ਚੰਗੀ ਦਿੱਖ ਦਾ ਨੌਜਵਾਨ ਹੈ।ਉਹ ਐਮ. ਏ . ਪਾਸ ਵਾਲਿਆਂ ਦੇ ਬਾਰਬਰ ਦੀ ਜਾਣਕਾਰੀ ਰੱਖਦਾ ਹੈ।ਤੈਨੂੰ ਬਹੁਤ ਪਸੰਦ ਤੇ ਪਿਆਰ ਕਰਦਾ ਹੈ ।ਉਹ ਚਾਹੁੰਦਾ ਹੈ ਤੂੰ ਹਸ ਕੇ ਗਲ ਕਰੇਂ।ਤੈਨੂੰ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹੀ ਨਰਕ ਬਣਾਈ ਜ਼ਿੰਦਗੀ ਸਵਰਗ ਬਣ ਜਾਵੇਗੀ। ਆਪਣੀਆਂ ਸਾਰੀਆਂ ਕਲਪਨਾਵਾਂ ਆਪਣੇ ਬਣੇ ਪਤੀ ਨਾਲ ਜੋੜ। ਤੂੰ ਉਸ ਨਾਲ ਹਸ ਕੇ ਬੋਲ ਕੇ, ਹਰ ਗਲ ਮੰਨਵਾ ਸਕਦੀ ਹੈ ।ਉਹ ਰੁੱਖਾ ਜਾਂ ਕੌੜਾ ਬੋਲਣ ਵਾਲਾ ਨਹੀਂ, ਹਸਮੁੱਖ ਹੈ, ਚਿਹਰੇ ਤੇ ਰੌਣਕ ਹੈ। ਦਿਲੋਂ ਖੁਲ ਕੇ ਬੋਲ ਕੇ ,ਹਰ ਸੁੱਖ ਮਾਣ ਸਕਦੀ ਹੈਂ। ਖ਼ੁਸ਼ ਹੋ ਕੇ ਆਪਸ ਵਿੱਚ ਬੋਲੋਂਗੇ ਤਾਂ ਤੁਹਾਡੇ ਬੱਚੇ ਹੋਣਗੇ,ਦਿਲ ਲੱਗਿਆ ਰਹੇਗਾ। ਘਰ ਨੂੰ ਸਵਰਗ ਬਣਾਉਣਾ ਤੇਰੇ ਹੱਥ ਹੈ। ਬੀਤੇ ਨੂੰ ਭੁੱਲ ਜਾ।ਸਾਨੂੰ ਉਮੀਦ ਹੈ ਤੂੰ ਜਿੰਦਗੀ ਨੂੰ ਬਿਹਤਰ ਬਣਾਏਂਗੀ। ਉਸਦੇ ਚਿਹਰੇ ਦੇ ਬਦਲਦੇ ਹਾਵ ਭਾਵ ਸਾਡੀ ਗੱਲਾਂ ਦਾ ਅਸਰ ਕਬੂਲਦੇ ਮਹਿਸੂਸ ਹੋ ਰਹੇ ਸਨ।ਬਾਅਦ ਵਿੱਚ ਉਸਦੇ ਪਤੀ ਨੂੰ ਦੁਬਾਰਾ ਇਕੱਲੇ ਨੂੰ ਬੁਲਾ ਕੇ ਸਮਝਾਇਆ ਗਿਆ ਕਿ ਉਹ ਆਪਣੀ ਘਰਵਾਲੀ ਨੂੰ ਵੱਧ ਤੋਂ ਵੱਧ ਪਿਆਰ ਕਰੇ,ਮਿੱਠਾ ਬੋਲੇ, ਉਸਦੀ ਹਰ ਗੱਲ ਮੰਨੇ ਤਾਂ ਉਹ ਵੀ ਹਰ ਗਲ ਮੰਨੇਗੀ।ਘਰ ਸਵਰਗ ਬਣ ਜਾਵੇਗਾ। ਅਸੀਂ ਉਨ੍ਹਾਂ ਇੱਕ ਦੂਜੇ ਦੇ ਪ੍ਰਤੀ ਖਿੱਚ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ।ਬਾਹਰ ਤੁਰਨ ਫਿਰਨ,ਵਧੀਆ ਜ਼ਿੰਦਗੀ ਜਿਊਣ ਦੇ ਬਹੁਤ ਸਾਰੇ ਸੁਝਾਅ ਦਿੱਤੇ ਗਏ।ਉਨ੍ਹਾਂ ਦੇ ਮਨ ਦੀ ਖਾਈ ਨੂੰ ਪੂਰਿਆ ਗਿਆ।ਇਸ ਤਰਾਂ ਉਨ੍ਹਾਂ ਨੂੰ ਤਿੰਨ — ਚਾਰ ਵਾਰ ਬੁਲਾਇਆ ਗਿਆ ,ਕੁੜੀ ਨੂੰ ਗੱਲ ਬਾਤ ਵਿਧੀ ਰਾਹੀਂ ਆਪਣੇ ਪਤੀ ਪ੍ਰਤੀ ਅਪਣਾਏ ਰਵੱਈਏ ਤੇ ਵਿਚਾਰਾਂ ਨੂੰ ਬਦਲਿਆ ਗਿਆ ।ਉਸਨੂੰ ਮਾਨਸਿਕ ਤੌਰ ਤੇ ਊਸਦੇ ਪਤੀ ਦੇ ਨੇੜੇ ਲਿਆਂਦਾ ਗਿਆ।ਉਹ ਜਿਹੜੀ ਆਪਣੇ ਪਤੀ ਨੂੰ ਬੁਲਾਉਂਦੀ ਨਹੀਂ ਸੀ, ਚੌਥੀ ਵਾਰ ਆਪਣੇ ਪਤੀ ਨਾਲ ਮੁਸਕਰਾਉਂਦੀ ਆ ਰਹੀ ਸੀ।ਉਹ ਜਦੋਂ ਦੋ ਸਾਲ ਬਾਅਦ ਮਿਲੀ ਤਾਂ ਉਸਦੀ ਗੋਦ ਬੱਚਾ ਚੁੱਕਿਆ ਹੋਇਆ ਸੀ। ਮੁਰਝਾਇਆ ਚਿਹਰਾ ਖਿੜਿਆ ਹੋਇਆ ਸੀ। ਇਸ ਤਰ੍ਹਾਂ ਅਸੀਂ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਮੋੜ ਲਿਆਂਦੀਆਂ।