ਕੋਟਕਪੂਰਾ, 3 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਵਿੱਚ ਇਕ ਮੰਗ ਪੱਤਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੂੰ ਸੌਂਪਿਆ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਬੰਦ ਕੀਤੀ ਗਈ ਮੁੰਬਈ-ਫਿਰੋਜ਼ਪੁਰ ਜਨਤਾ ਐਕਸਪ੍ਰੈੱਸ ਟਰੇਨ 19023/24 ਨੂੰ ਬਿਨਾ ਦੇਰੀ ਚਲਾਇਆ ਜਾਵੇ, ਕਿਉਂਕਿ ਨਾ ਤਾਂ ਉਕਤ ਰੇਲਗੱਡੀ ਦੀ ਬੁਕਿੰਗ ਦੀ ਕੋਈ ਕਮੀ ਹੈ ਅਤੇ ਨਾ ਹੀ ਕੋਈ ਅੜਿੱਕਾ ਹੈ। ਇਲਾਕੇ ਦੇ ਲੋਕਾਂ ਵੱਲੋਂ ਰੇਲ ਮੰਤਰੀ ਅਤੇ ਰੇਲਵੇ ਬੋਰਡ ਦੀ ਮੈਨੇਜਮੈਂਟ ਕਮੇਟੀ ਨੂੰ ਲਿਖਿਆ ਪੱਤਰ ਮੈਂਬਰ ਪਾਰਲੀਮੈਂਟ ਨੂੰ ਸੌਂਪਣ ਮੌਕੇ ਨਰਿੰਦਰ ਰਾਠੌਰ ਨੇ ਦੱਸਿਆ ਕਿ ਇਸ ਰੇਲਗੱਡੀ ਦੇ ਬਹਾਲ ਹੋਣ ਨਾਲ ਵਿਦਿਆਰਥੀ ਕੋਟਾ (ਰਾਜਸਥਾਨ) ਅਤੇ ਵਪਾਰੀ ਵਰਗ ਅਰਥਾਤ ਗੁਜਰਾਤ, ਮੱਧ ਪ੍ਰਦੇਸ਼ ਅਤੇ ਵਪਾਰ ਲਈ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਣ ਜਾਣ ਵਾਲੇ ਵਪਾਰੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਫਿਰੋਜਪੁਰ, ਫਰੀਦਕੋਟ, ਬਠਿੰਡਾ, ਕੋਟਕਪੂਰਾ, ਮਾਨਸਾ, ਹਰਿਆਣਾ ਆਦਿ ਦੇ ਲੋਕਾਂ ਨੂੰ ਵੀ ਗੱਡੀ ਬੰਦ ਹੋਣ ਨਾਲ ਆਰਥਿਕ ਸੱਟ ਵੱਜੀ ਹੈ। ਜਥੇਬੰਦੀ ਦੇ ਆਗੂਆਂ ਹੁਕਮ ਚੰਦ ਬੀਏ, ਬੰਵਾਰੀ ਲਾਲ, ਮੋਹਨ ਲਾਲ, ਰਾਮ ਕਿ੍ਰਸ਼ਨ ਕਟਾਰੀਆ ਆਦਿ ਵਫਦ ਦੀ ਹਾਜਰੀ ਵਿੱਚ ਨਰਿੰਦਰ ਰਾਠੌਰ ਨੇ ਮੁੰਬਈ-ਫਿਰੋਜਪੁਰ ਜਨਤਾ ਐਕਸਪ੍ਰੈਕਸ ਚਲਾਉਣ ਦੇ ਫਾਇਦਿਆਂ ਅਤੇ ਨੁਕਸਾਨ ਤੋਂ ਜਾਣੂ ਕਰਵਾਇਆ। ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਉਕਤ ਪੱਤਰ ਰੇਲਵੇ ਮੰਤਰੀ ਸਮੇਤ ਰੇਲਵੇ ਬੋਰਡ ਦੀ ਮੈਨੇਜਮੈਂਟ ਤੱਕ ਪਹੁੰਚਾ ਕੇ ਜਨਤਾ ਐਕਸਪ੍ਰੈਕਸ ਨੂੰ ਚਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।