ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਜਲ ਜੀਵਨ ਬਚਾਓ ਮੋਰਚਾ’ ਵਲੋਂ ਨਹਿਰਾਂ ਦੇ ਕੰਕਰੀਟੀਕਰਨ ਨੂੰ ਰੋਕਣ ਲਈ ਚੱਲਦੇ ਸੰਘਰਸ਼ ਵਿੱਚ ਅੱਜ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਹਿਰ ਮਹਿਕਮਾ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹੋਣਾਂ ਨੂੰ ਨਾਲ ਲੈ ਕੇ ਇੱਕ ਮੀਟਿੰਗ ਡੀ.ਸੀ. ਦਫ਼ਤਰ ਫਰੀਦਕੋਟ ਵਿਖੇ ਰੱਖੀ ਗਈ। ਜਿਸ ਵਿੱਚ ਨਹਿਰ ਮਹਿਕਮੇ ਵੱਲੋਂ ਆਈਆਈਟੀ ਰੁੜਕੀ ਵੱਲੋਂ ਫੇਲ੍ਹ ਕਰਾਰ ਕੀਤਾ ਪ੍ਰੋਜੈਕਟ ਫ਼ੇਰ ਜਲ ਜੀਵਨ ਬਚਾਓ ਮੋਰਚਾ ਦੇ ਅੱਗੇ ਰੱਖਿਆ ਗਿਆ। ਇਹ ਉਹੀ ਪ੍ਰੋਜੈਕਟ ਹੈ ਜਿਸ ਨੂੰ ਐਸਈ ਨਹਿਰਾਂ ਪਿਛਲੀਆਂ ਮੀਟਿੰਗਾਂ ਵਿੱਚ ਫੇਲ੍ਹ ਹੋਇਆ ਪ੍ਰੋਜੈਕਟ ਕਹਿ ਕੇ ਪ੍ਰਚਾਰਦੇ ਆ ਰਹੇ ਹਨ। ਮੋਰਚਾ ਨੇ ਆਪਣੀ ਮੰਗ ਨੂੰ ਫਿਰ ਦੁਹਰਾਉਂਦੇ ਹੋਏ ਪ੍ਰਸ਼ਾਸਨ ਨੂੰ ਸਪੱਸ਼ਟ ਕੀਤਾ ਕਿ ਨਹਿਰਾਂ ਦੀ ਬ੍ਰਿਕ ਲਾਈਨਿੰਗ ਕਰ ਲਿਆ ਜਾਵੇ। ਤਲ ਤੇ ਦੀਵਾਰਾਂ ਨੂੰ ਇੱਟਾਂ ਦਾ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਦਰੱਖ਼ਤ ਬਚਾਏ ਜਾਣ। ਜੇਕਰ ਫ਼ੇਰ ਵੀ ਕੁਝ ਦਰਖਤ ਲਾਈਨਿੰਗ ਦੇ ਬਿਲਕੁਲ ਉੱਪਰ ਆਉਂਦੇ ਹੋਣਗੇ ਤਾਂ ਮੋਰਚਾ ਓਹਨਾ ਦਰਖਤਾਂ ਨੂੰ ਵੱਢਣ ਵਿੱਚ ਇਤਰਾਜ਼ ਨਹੀਂ ਕਰੇਗਾ। ਇਸ ਤੋਂ ਸਪੱਸ਼ਟ ਹੈ ਕਿ ਮੋਰਚਾ ਕਿਸੇ ਤਰ੍ਹਾਂ ਦੇ ਵਿਕਾਸ ਦਾ ਵਿਰੋਧੀ ਨਹੀਂ ਹੈ ਸਗੋਂ ਆਪਣੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਹੱਕ ਪੀਣਯੋਗ ਪਾਣੀ ਬਚਾਉਣ ਲਈ ਫ਼ਿਕਰਮੰਦ ਹੈ। ਜਲ ਜੀਵਨ ਬਚਾਓ ਮੋਰਚਾ ਨੇ ਇਹ ਵੀ ਮੰਗ ਰੱਖੀ ਕਿ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫ਼ਰੀਦਕੋਟ ਆ ਰਹੇ ਹਨ ਜਲ ਜੀਵਨ ਬਚਾਓ ਮੋਰਚਾ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਓਹਨਾ ਨੂੰ ਫ਼ਰੀਦਕੋਟ ਦੇ ਅਸਲ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ।