ਸਥਾਨਕ ਲੋਕਾਂ ਵੱਲੋਂ ਅਜਿਹੇ ਸਕੂਲਾਂ ਖਿਲਾਫ਼ ਉੱਚ ਅਧਿਕਰੀਆਂ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਸੰਗਤ ਮੰਡੀ 15 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਕਈ ਸਰਕਾਰੀ ਮਹਿਕਮਿਆਂ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਦੇ ਹੁਕਮਾਂ ਦੇ ਉਲਟ ਕੰਮ ਕਰਨ ਦੀਆਂ ਖਬਰਾਂ ਅਕਸਰ ਅਖ਼ਬਾਰਾਂ ਦੀ ਸੁਰਖ਼ੀ ਬਣਦੀਆਂ ਰਹਿੰਦੀਆਂ ਨੇ ਜੋ ਕਿ ਸਰਕਾਰ ਦੀ ਕਿਰਕਰੀ ਦਾ ਕਾਰਨ ਬਣਦੀਆਂ ਹਨ। ਸਿਰਫ਼ ਇਨ੍ਹਾਂ ਹੀ ਨਹੀਂ ਅਜਿਹੀਆਂ ਗਤੀਵਿਧੀਆਂ ਕਰਕੇ ਅਕਸਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਘੱਟ ਤਜ਼ਰਬੇਕਾਰ ਸਰਕਾਰ ਹੋਣ ਦੇ ਇਲਜ਼ਾਮ ਤੱਕ ਲਗਦੇ ਆਏ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਦੇ ਇੱਕ ਪ੍ਰਾਈਵੇਟ ਸਕੂਲ਼ ਦਾ ਹੈ ਜਿਹੜਾ ਕਿ ਪੰਜਾਬ ਸਰਕਾਰ ਦੀ ਹੁਕਮ ਅਦੂਲੀ ਕਾਰਨ ਚਰਚਾ ਚ ਬਣਿਆਂ ਹੋਇਆ ਹੈ।
ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਇੰਨੀ ਦਿਨੀ ਅੱਤ ਦੀ ਪੈ ਰਹੀ ਸਰਦੀ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 13 ਜਨਵਰੀ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹੋਏ ਹਨ ਪਰ ਲਗਦਾ ਹੈ ਇਹ ਹੁਕਮ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਪਿੰਡ ਘੁੱਦਾ ਵਿਖੇ ਚੱਲ ਰਹੇ ਇੱਕ ਪ੍ਰਾਈਵੇਟ ਵੀਟ ਫੀਲਡ ਪਬਲਿਕ ਸਕੂਲ ਉੱਤੇ ਲਾਗੂ ਨਹੀਂ ਹੁੰਦੇ। ਸ਼ਾਇਦ ਇਹੀ ਕਾਰਨ ਹੈ ਕਿ ਉਕਤ ਸਕੂਲ਼ ਦੇ ਮਾਲਕ ਵੱਲੋਂ ਇੰਨਾ ਹੁਕਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ ਅਤੇ ਅੱਤ ਦੀ ਸਰਦੀ ਹੋਣ ਦੇ ਬਾਵਜੂਦ ਆਮ ਦਿਨਾਂ ਦੇ ਵਾਂਗ ਹੀ ਇਸ ਸਕੂਲ ਵਿੱਚ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਜਾ ਰਿਹਾ ਹੈ। ਇਸ ਬਾਰੇ ਪ੍ਰੈੱਸ ਨਾਲ ਗੱਲ ਕਰਦਿਆਂ ਪਿੰਡ ਚੱਕ ਅੱਤਰ ਸਿੰਘ ਵਾਲਾ ਦੇ ਗੁਰਜੀਤ ਚੋਹਾਨ ਅਤੇ ਪਿੰਡ ਘੁੱਦਾ ਦੇ ਨੋਜਵਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਸਕੂਲ਼ ਬੰਦ ਰੱਖਣ ਦੇ ਹੁਕਮ ਦਿੱਤੇ ਹੋਏ ਹਨ ਪਰ ਵੀਟ ਫੀਲਡ ਪਬਲਿਕ ਸਕੂਲ ਘੁੱਦਾ ਦੇ ਮਾਲਕ ਵੱਲ਼ੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਸਕੂਲ ਖੋਲ੍ਹ ਕੇ ਫੰਕਸ਼ਨ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲ਼ੇ ਇਸ ਸਕੂਲ ਖ਼ਿਲਾਫ਼ ਜ਼ਿਲ੍ਹਾ ਪ੍ਰਸਾਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਬਾਰੇ ਜਦੋਂ ਡੀ ਈ ਓ ਮਮਤਾ ਖੁਰਾਣਾ ਸੇਠੀ ਅਤੇ ਡਿਪਟੀ ਡੀਈਓ ਚਮਕੌਰ ਸਿੰਘ ਨਾਲ ਉਨ੍ਹਾਂ ਦੇ ਫੋਨ ਤੇ ਇਸ ਖੋਲੇ ਗਏ ਸਕੂਲ ਬਾਰੇ ਗੱਲ਼ ਕੀਤੀ ਗਈ ਤਾਂ ਉਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ ਅਤੇ ਜੇਕਰ ਕਿਸੇ ਪ੍ਰਾਈਵੇਟ ਸਕੂਲ ਮਾਲਕ ਵੱਲੋਂ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਤਾਂ ਉਕਤ ਸਕੂਲ਼ ਖਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰੀ ਸਰਕਾਰੀ ਅਮਲੇ ਦੀ ਮੌਜੂਦਗੀ ਵਿੱਚ ਬਠਿੰਡਾ ਵਿਖੇ ਇੱਕ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਇਸਤੋਂ ਕੇਵਲ 15 ਕਿਲੋਮੀਟਰ ਦੂਰ ਇੱਕ ਪ੍ਰਾਈਵੇਟ ਸਕੂਲ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ।

