ਜਨਮ ਦਿਨ ਵਿਚਾਰਧਾਰਾ ਨਾਲ ਜੋੜੋ ਨਾ ਕਿ ਪਦਾਰਥਾਂ ਨਾਲ— ਡਾ. ਤੇਜਵੰਤ ਮਾਨ
ਡਾ. ਤੇਜਵੰਤ ਮਾਨ ਨੇ ਇੱਕ ਪਾਠਕ ਵਿਚਲੇ ਆਲੋਚਕ ਦਾ ਕਿਰਦਾਰ ਹਮੇਸ਼ਾ ਹੰਢਾਇਆ ਹੈ— ਡਾ. ਪ੍ਰੇਮ ਖੋਸਲਾ
ਸੰਗਰੂਰ 03 ਜਨਵਰੀ:( ਗੁਰਨਾਮ ਸਿੰਘ/ ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਤੇਜਵੰਤ ਮਾਨ ਸਾਹਿਤ ਰਤਨ ਦੇ ਜਨਮ ਦਿਵਸ ਦੇ ਅਵਸਰ ਤੇ ਪੁਸਤਕ ਲੋਕ ਅਰਪਣ ਸਮਾਰੋਹ ਦਾ ਆਯੋਜਨ ਕੀਤਾ ਗਿਆ। ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੰਚ ਪ੍ਰੋ. ਸ਼ੇਰ ਸਿੰਘ ਕੰਵਲ ਯੂ.ਐਸ.ਏ. ਦੀ ਪੁਸਤਕ “ਤਿਲਫੁੱਲ” ਲੋਕ ਅਰਪਣ ਕੀਤੀ ਗਈ ਅਤੇ ਤਿੰਨ ਖੋਜ ਪੱਤਰ ਪੇਸ਼ ਕੀਤੇ ਗਏ। ਡਾ. ਜਗਦੀਪ ਕੌਰ ਅਹੂਜਾ, ਜੋਗਿੰਦਰ ਕੌਰ ਅਗਨੀਹੋਤਰੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਪਰ ਪੜ੍ਹੇ ਅਤੇ ਡਾ. ਤੇਜਾ ਸਿੰਘ ਤਿਲਕ ਦਾ ਪੇਪਰ ਸੁਰਿੰਦਰਪਾਲ ਕੌਰ ਰਸੀਆ ਨੇ ਪੜਿ੍ਹਆ। ਇਨ੍ਹਾਂ ਪੇਪਰਾਂ ਰਾਹੀਂ ਸ਼ੇਰ ਸਿੰਘ ਕੰਵਲ ਦੀ ਕਵਿਤਾ ਦੇ ਵਿਸ਼ੇ ਅਤੇ ਰੂਪਕ ਪੱਖ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਵਸਰ ਤੇ ਮੁੱਖ ਵਕਤ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਪ੍ਰੋਫੈਸਰ ਸ਼ੇਰ ਸਿੰਘ ਕੰਵਲ ਦੀ ਪੰਜਾਬ ਪ੍ਰਤੀ ਪ੍ਰਤੀਬੱਧਤਾ ਅਤੇ ਸਮੱਰਪਣ ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ। ਉਨ੍ਹਾਂ ਨੇ ਬਹੁਤ ਸ਼ਿੱਦਤ ਨਾਲ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਮੁੱਖ ਤੌਰ ਤੇ ਬਾਦਲ ਪਰਿਵਾਰ ਅਤੇ ਕੇਂਦਰ ਦੀਆਂ ਪੰਜਾਬ ਪ੍ਰਤੀ ਵਿਤਕਰੇ ਵਾਲੀਆਂ ਨੀਤੀਆਂ ਨੂੰ ਇਨ੍ਹਾਂ ਲਈ ਜਿੰਮੇਵਾਰ ਠਹਿਰਾਇਆ ਹੈ। ਬਹੁਤ ਸਾਰੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅਜਿਹਾ ਹੀ ਸੋਚਦੇ ਹਨ। ਪ੍ਰੰਤੂ ਅਜੋਕਾ ਯੁੱਗ ਸਾਮਰਾਜ ਦਾ ਯੁੱਗ ਹੈ ਅਤੇ ਗਲੋਬਲਾਈਜੇਸ਼ਨ (ਸੰਸਾਰੀਕਰਨ) ਸਾਮਰਾਜ ਦੀ ਸਭ ਤੋਂ ਉਪਰਲੀ ਅਵਸਥਾ ਹੈ। ਅਮਰੀਕਾ ਇਸ ਸਾਮਰਾਜ ਸੰਸਾਰੀਕਰਨ ਦਾ ਅਣ ਐਲਾਨਿਆ ਰਾਜਾ ਹੈ, ਇਸ ਲਈ ਅਜੋਕੇ ਸੰਸਾਰ ਦੀ ਮੁੱਖ ਵਿਰੋਧਤਾਈ ਅਮਰੀਕੀ ਸਾਮਰਾਜ ਅਤੇ ਸੰਸਾਰ ਦੇ ਲੋਕਾਂ ਵਿੱਚ ਹੈ। ਬਾਕੀ ਸਭ ਵਿਰੋਧਤਾਈਆਂ ਉਪ ਵਿਰੋਧਤਾਈਆਂ ਹਨ। ਬਾਦਲ ਪਰਿਵਾਰ ਅਤੇ ਦਿੱਲੀ ਦੀਆਂ ਸਰਕਾਰਾਂ ਵੀ ਅਮਰੀਕੀ ਸਾਮਰਾਜ ਤੋਂ ਪੂਰੀ ਤਰ੍ਹਾਂ ਅਜ਼ਾਦ ਨਹੀਂ ਹਨ। ਪੰਜਾਬ ਵਿੱਚ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਅਮੀਰ ਕਿਸਾਨੀ ਅਮੀਰੀਕੀ ਸਾਮਰਾਜ ਨਾਲ ਗੱਠਜੋੜ ਕਰਕੇ ਸਰਮਾਏਦਾਰੀ ਜਮਾਤ ਬਣ ਗਈ ਹੈ, ਪ੍ਰੰਤੂ ਇਸ ਦਾ ਪੱਧਰ ਬਹੁਤ ਘਟੀਆ ਹੈ ਅਤੇ ਇਸ ਨੂੰ ਉਜੱਡ ਸਰਮਾਏਦਾਰੀ ਵੀ ਕਿਹਾ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਵੀ ਪਹਿਲਾਂ ਪੰਜਾਬੀ ਭਾਈਚਾਰੇ ਦੀ ਅਗਵਾਈ ਮੁੱਖ ਤੌਰ ਤੇ ਕਿਰਤੀ ਜਮਾਤ ਕਰ ਰਹੀ ਸੀ, ਪ੍ਰੰਤੂ ਹੁਣ ਉਥੇ ਪੰਜਾਬੀਆਂ ਵਿੱਚ ਵੀ ਸਰਮਾਏਦਾਰੀ ਜਮਾਤ ਪੈਦਾ ਹੋ ਚੁੱਕੇ, ਜੋ ਭਾਰੂ ਹੋ ਚੁੱਕੀ ਹੈ, ਪ੍ਰੰਤੂ ਇਸਦਾ ਪੱਧਰ ਵੀ ਪੰਜਾਬੀ ਦੀ ਉਜੱਡ ਸਰਮਾਏਦਾਰੀ ਵਰਗਾ ਹੀ ਹੈ, ਇਨ੍ਹਾਂ ਕੋਲ ਕੋਈ ਵਿਸ਼ਵਦ੍ਰਿਸ਼ਟੀ ਨਹੀਂ ਹੈ। ਇਹ ਮੁੱਖ ਤੌਰ ਤੇ ਪੰਜਾਬੀ ਲੋਕਾਂ ਦੇ ਹਿੱਤਾਂ ਦੀ ਬਜਾਏ ਅਮਰੀਕੀ ਹਿੱਤ ਹੀ ਪੂਰ ਰਹੀਆਂ ਹਨ। ਇਸ ਖਿੱਤੇ ਵਿੱਚ ਅਸੀਂ ਦੇਖਿਆ ਹੈ ਕਿ ਕਿਵੇਂ ਅਮਰੀਕੀ ਸਾਮਰਾਜ ਯੁਕਰੇਨ ਦੇ ਗਰੀਨ ਰੈਵੋਲਿਊਸ਼ਨ ਦੀ ਤਰ੍ਹਾਂ ਸਿਰਫ ਹੁਲੱੜਬਾਜੀ ਅਤੇ ਅਰਾਜਕਤਾ ਹੀ ਫੈਲਾਈ। ਫਿਰ ਸ਼੍ਰੀਲੰਕਾ ਅਤੇ ਨੇਪਾਲ ਵਿੱਚ ਹੁੱਲੜਬਾਜੀ ਅਤੇ ਅਰਾਜਕਤਾ ਫੈਲਾਈ ਗਈ ਅਤੇ ਹੁਣ ਬੰਗਾਲਦੇਸ਼ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਜ਼ਾਹਿਰ ਹੈ ਕਿ ਪੰਜਾਬ ਦੀ ਉਜੱਡ ਸਰਮਾਏਦਾਰੀ ਅਤੇ ਵਿਦੇਸ਼ਾਂ ਵਿੱਚ ਘਟੀਆ ਪੱਧਰ ਦੀ ਸਰਮਾਏਦਾਰੀ ਅਮਰੀਕੀ ਸਾਮਰਾਜ ਦੀਆਂ ਚਾਲਾਂ ਸਮਝਣ ਦੇ ਕਾਬਲ ਨਹੀਂ ਹਨ। ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਸਾਰੀ ਨਿਸ਼ਾਨਦੇਹੀ ਨਹੀਂ ਕਰ ਸਕਦੀਆਂ। ਇਹ ਜਿੰਮੇਵਾਰੀ ਬੌਧਿਕ ਵਰਗ ਦੀ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਸਾਰੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਯੋਗ ਬੌਧਿਕ ਅਗਵਾਈ ਦੇਣ।” ਡਾ. ਭਗਵੰਤ ਸਿੰਘ ਨੇ ਅਜੋਕੇ ਦੌਰ ਵਿੱਚ ਬੌਧਿਕ ਕੰਗਾਲੀ ਦੀ ਗੱਲ ਕਰਦੇ ਹੋਏ ਡਾ. ਤੇਜਵੰਤ ਮਾਨ ਦੀ ਸਖਸ਼ੀਅਤ ਬਾਰੇ ਚਾਨਣਾ ਪਾਇਆ ਅਤੇ ਪ੍ਰੋ. ਸ਼ੇਰ ਸਿੰਘ ਕੰਵਲ ਦੀ ਪੁਸਤਕ ਤਿਲਫਲ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕਿਹਾ ਕਿ ਆਲੋਚਨਾ ਲਈ ਦਿਸ਼ਾ ਨਿਰਧਾਰਿਤ ਹੋਣੀ ਚਾਹੀਦੀ ਹੈ। ਜਨਮ ਦਿਨ ਲੇਖਕਾਂ ਵਿੱਚ ਬੈਠ ਕੇ ਮਨਾਇਆ ਜਾਣਾ ਚਾਹੀਦਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ। ਅੱਜ ਪੰਜਾਬੀ ਸਾਹਿਤ ਸਭਾ ਸੰਗਰੂਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਹੈ। ਇਸ ਵਿੱਚ ਉੱਧ ਪੱਧਰੀ ਵਿਚਾਰਾਂ ਹੋਈਆਂ ਹਨ। ਉਨ੍ਹਾਂ ਨੇ ਹੋਰ ਕਿਹਾ ਕਿ ਆਪਣੀ ਹੋਂਦ ਬਰਕਰਾਰ ਰੱਖਣ ਲਈ ਲੋਕਾਂ ਵਿੱਚ ਵਿਚਰਨ ਲਈ ਇਹ ਨਿਰਧਾਰਿਤ ਕਰਨਾ ਬਣਦਾ ਹੈ ਕਿ ਕੀ ਅਸੀਂ ਉਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਹਾਂ ? ਚਰਚਾ ਹਰੇਕ ਚਾਹੁੰਦਾ ਹੈ, ਪਰ ਚਰਚਾ ਉਸਦੀ ਹੋਵੇਗੀ ਜੋ ਲੋਕਾਂ ਦੇ ਰਾਹ ਦੀ ਗੱਲ ਹੋਵੇ। ਜਨਮ ਦਿਨ ਘਰ ਵਿੱਚ ਮਨਾਇਆ ਜਾ ਸਕਦਾ ਹੈ, ਪਰ ਲੇਖਕਾਂ ਅਤੇ ਵਿਦਿਆਰਥੀਆਂ ਵਿੱਚ ਬੈਠ ਕੇ ਮਨਾਉਣਾ ਸਾਰਥਿਕ ਲਗਦਾ ਹੈ। ਇਸ ਲਈ ਵਿਚਾਰਧਾਰਾ ਨਾਲ ਜਨਮ ਦਿਨ ਜੋੜੋ ਨਾ ਕਿ ਪਦਾਰਥਾਂ ਨਾਲ।
ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅੱਜ ਦੀ ਸਾਰਥਿਕ ਬਹਿਸ ਵਿੱਚ ਬਹੁਤ ਉਪਯੋਗੀ ਸਿੱਟੇ ਨਿੱਕਲੇ ਹਨ। ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਕਾਮਰੇਡ ਬਸ਼ੇਸ਼ਰ ਰਾਮ, ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਜਗਦੀਪ ਸਿੰਘ ਗੰਧਾਰਾ, ਗੁਰਨਾਮ ਸਿੰਘ, ਅਮਰਗਰਗ ਕਲਮਦਾਨ, ਕਮਲਜੀਤ ਟਿੱਬਾ, ਨਿਹਾਲ ਸਿੰਘ ਮਾਨ, ਸੁਰਿੰਦਰਪਾਲ ਸਿੱਦਕੀ ਨੇ ਵਿਚਾਰ ਚਰਚਾ ਵਿੱਚ ਭਾਗ ਲੈਂਦੇ ਹੋਏ ਡਾ. ਤੇਜਵੰਤ ਮਾਨ ਅਤੇ ਕੰਵਲ ਦੀ ਵਿਚਾਰਧਾਰਾ ਬਾਰੇ ਵਧੀਆ ਸੰਵਾਦ ਰਚਾਇਆ। ਡਾ. ਪ੍ਰੇਮ ਖੋਸਲਾ ਨੇ ਡਾ. ਮਾਨ ਬਾਰੇ ਸਾਰਥਕ ਟਿੱਪਣੀ ਨੇ ਸਭ ਦਾ ਧਿਆਨ ਖਿੱਚਿਆ, “ਕਰੂਡ, ਲਾਊਡ, ਡੰਗ ਮਾਰਨ ਵਾਲਾ ਲੇਖਣ ਤੇਜਵੰਤ ਮਾਨ ਦੇ ਹਿੱਸੇ ਆਉਂਦਾ ਹੈ ਜਾਂ ਸਆਦਤ ਹਸਨ ਮੰਟੋ ਦੇ, ਅਤੇ ਇਹੀ ਗੱਲ ਗੁਰੂ ਨਾਨਕ ਦੀ ਬਾਣੀ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਅਤੇ ਅਸ਼ਟਾਵਕਰ ਗੀਤਾ ਤੇ ਲਾਗੂ ਹੁੰਦੀ ਹੈ। ਮੈਕਸਿਮ ਗੋਰਕੀ ਦੀ ਕਹਾਣੀ ਇੱਕ ਪਾਠਕ ਵਿਚਲੇ ਆਲੋਚਕ ਦਾ ਕਿਰਦਾਰ ਤੇਜਵੰਤ ਮਾਨ ਨੇ ਹਮੇਸ਼ਾ ਹੰਢਾਇਆ ਹੈ।
ਇਸ ਮੌਕੇ ਕਵੀ ਦਰਬਾਰ ਵਿੱਚ ਮੀਤ ਸਕਰੌਦੀ, ਗੁਲਜ਼ਾਰ ਸ਼ੌਂਕੀ, ਸੁਰਿੰਦਰ ਸ਼ਰਮਾ ਨਾਗਰਾ, ਅਮਰਜੀਤ ਸਿੰਘ ਅਮਨ, ਡਾ. ਜਗਦੀਪ ਕੌਰ, ਜੋਗਿੰਦਰ ਕੌਰ ਅਗਨੀਹੋਤਰੀ, ਦੇਸ਼ ਭੂਸ਼ਨ, ਗਰਜਿੰਦਰ ਰਸੀਆ, ਸੁਰਿੰਦਰਪਾਲ ਕੌਰ ਰਸੀਆ, ਕੁਲਵੰਤ ਕਸਕ, ਕੈਪਟਨ ਹਰਕੇਸ਼ ਸਿੰਘ, ਜੋਰਾ ਸਿੰਘ ਮੰਡੇਰ, ਬਲਜਿੰਦਰ ਈਲਵਾਲ, ਸੁਰਿੰਦਰਪਾਲ ਸਿੰਘ ਸਿਦਕੀ, ਗੁਰੀ ਚੰਦੜ, ਗੁਰਨਾਮ ਸਿੰਘ, ਜਤਿੰਦਰ ਮੋਹਨ, ਸੁਖਦਰਸ਼ਨ ਸਿੰਘ ਢਿੱਲੋਂ, ਪਰਮਿੰਦਰ ਸਿੰਘ, ਡਾ. ਰਾਜੀਵ ਪੁਰੀ ਨੇ ਪੁਰ ਖਸੂਸ ਅੰਦਾਜ ਵਿੱਚ ਰਚਨਾਵਾਂ ਸੁਣਾਈਆਂ।
ਸ੍ਰੀ ਜੈਤੇਗ ਸਿੰਘ ਅਨੰਤ ਅਤੇ ਬਲਬੀਰ ਜਲਾਲਾਬਾਦੀ ਦੇ ਅਚਾਨਕ ਵਿਛੋੜੇ ਤੇ ਦੋ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸੁਰਿੰਦਰ ਸ਼ਰਮਾ ਨਾਗਰਾ ਦੀ ਪੁਸਤਕ ਲਾਇਬ੍ਰੇਰੀਆਂ ਲਈ ਮੰਨਜ਼ੂਰ ਹੋਣ ਤੇ ਵਧਾਈ ਦਿੱਤੀ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ। ਜਗਦੀਪ ਸਿੰਘ ਗੰਧਾਰਾ ਨੇ ਧੰਨਵਾਦ ਕੀਤਾ।