ਬਠਿੰਡਾ, 25 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਨਗਰ ਨਿਗਮ ਵਿਖੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਵਿੱਤ ਅਤੇ ਠੇਕਾ ਕਮੇਟੀ (ਐਫ ਐਂਡ ਸੀ ਸੀ) ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਸਮੁੱਚੇ ਵਿਕਾਸ ਨਾਲ ਸਬੰਧਤ ਲਗਭਗ 25 ਕਰੋੜ ਰੁਪਏ ਦੇ 12 ਮਹੱਤਵਪੂਰਨ ਏਜੰਡਿਆਂ ‘ਤੇ ਵਿਸਥਾਰ ਨਾਲ ਚਰਚਾ ਕਰਦਿਆਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਨਾਲ ਕਮਿਸ਼ਨਰ ਮੈਡਮ ਕੰਚਨ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ, ਐਫ ਐਂਡ ਸੀ ਸੀ ਮੈਂਬਰ ਮੈਡਮ ਪ੍ਰਵੀਨ ਗਰਗ, ਸ੍ਰੀ ਰਤਨ ਰਾਹੀ ਅਤੇ ਸ੍ਰੀ ਉਮੇਸ਼ ਗਰਗ ਗੋਗੀ, ਕਾਰਜਕਾਰੀ ਇੰਜੀਨੀਅਰ ਸ੍ਰੀ ਰਾਜਿੰਦਰ ਕੁਮਾਰ ਅਤੇ ਸ੍ਰੀ ਨੀਰਜ ਕੁਮਾਰ ਸਮੇਤ ਮੇਅਰ ਦੇ ਪੀਏ ਸ੍ਰੀ ਸੁਰੇਸ਼ ਸੇਤੀਆ ਮੌਜੂਦ ਸਨ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਸੜਕਾਂ ਦੇ ਸੁੰਦਰੀਕਰਨ, ਸੀਵਰੇਜ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਬੰਧਨ ਨਾਲ ਸਬੰਧਤ ਏਜੰਡਿਆਂ ‘ਤੇ ਚਰਚਾ ਕੀਤੀ ਗਈ, ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ।
ਉਨ੍ਹਾਂ ਦੱਸਿਆ ਕਿ ਸੈਨੀਟੇਸ਼ਨ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਘਰ-ਘਰ ਕੂੜਾ ਇਕੱਠਾ ਕਰਨ ਲਈ 15 ਟਰੈਕਟਰ-ਟਰਾਲੀਆਂ ਖਰੀਦਣ ਸਬੰਧੀ ਏਜੰਡੇ ਪਾਸ ਕੀਤੇ ਗਏ, ਨਾਲ ਹੀ ਸੀਵਰੇਜ ਸਿਸਟਮ ਦੇ ਸੁਚਾਰੂ ਕੰਮਕਾਜ ਲਈ ਦੋ ਜੈਟਿੰਗ ਮਸ਼ੀਨਾਂ ਅਤੇ ਦੋ ਸਕਸ਼ਨ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਟੀਚਾ ਬਠਿੰਡਾ ਨੂੰ ਇੱਕ ਸਾਫ਼, ਸੁੰਦਰ ਅਤੇ ਆਧੁਨਿਕ ਸ਼ਹਿਰ ਵਜੋਂ ਵਿਕਸਤ ਕਰਨਾ ਹੈ ਅਤੇ ਇਸ ਲਈ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

