ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਤਹਿਤ ਰਵਰੋਜ਼ ਕੌਰ ਬਰਾੜ ਸੱਤਵੀਂ ਜਮਾਤ ਨੇ ‘‘ਸੰਕਲਪ ਟੈਲੇਂਟ ਸਰਚ ਇਮਤਿਹਾਨ’’ ਵਿੱਚ ਪਹਿਲਾ ਇਨਾਮ ਜਿੱਤਿਆ ਹੈ, ਜੋ ਕਿ ‘‘ਸੰਕਲਪ ਕੋਟਾ ਕਲਾਸਜ਼’’ ਫਰੀਦਕੋਟ ਸ਼ਾਖਾ ਦੁਆਰਾ ਕਰਵਾਇਆ ਗਿਆ ਸੀ, 800 ਸੀ.ਬੀ.ਐੱਸ.ਈ. ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿੱਚ ਹਿੱਸਾ ਲਿਆ, ਜਿਸ ’ਚੋਂ ਸਬੰਧਤ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਉਸਨੇ ਉੱਚੀਆਂ ਜਮਾਤਾਂ ਦੀ ਟ੍ਰੇਨਿੰਗ ਲਈ 60 ਫੀਸਦੀ ਸਕਾਲਰਸ਼ਿਪ ਹਾਸਲ ਕੀਤੀ। ਮੁਸ਼ਕਲ ਮੁਕਾਬਲੇ ਦੇ ਬਾਵਜੂਦ ਆਪਣੀ ਅਸਾਧਾਰਣ ਪ੍ਰਤਿਭਾ ਤੇ ਲਗਨ ਦਿਖਾਉਂਦੇ ਹੋਏ, ਇਸ ਵਿਦਿਆਰਥਣ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਵਿਦਿਆਰਥਣ ਦੀ ਉਪਲਬਧੀ ਲਈ ਆਪਣਾ ਮਾਣ ’ਤੇ ਪ੍ਰਸੰਸਾ ਜਤਾਈ। ਉਨ੍ਹਾਂ ਕਿਹਾ ਕਿ ‘‘ਮਿਹਨਤ ਅਤੇ ਅਭਿਆਸ ਕਦੇ ਵਿਅਰਥ ਨਹੀਂ ਜਾਂਦੇ।’’ ਇਸ ਵਿਦਿਆਰਥਣ ਦੀ ਕਾਮਯਾਬੀ ਸਕੂਲ ਦੇ ਸਮਰਪਣ ਦੀ ਗਵਾਹੀ ਦਿੰਦੀ ਹੈ ਕਿ ਅਸੀਂ ਇਕ ਸਹਾਇਕ ਅਤੇ ਉਤਸ਼ਾਹਿਤ ਨਰਨਿੰਗ ਵਾਤਾਵਰਨ ਪ੍ਰਦਾਨ ਕਰ ਰਹੇ ਹਾਂ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥਣ ਨੂੰ ਇਸ ਸ਼ਾਨਦਾਰ ਉਪਲਬਧੀ ’ਤੇ ਵਧਾਈ ਦਿੰਦਿਆਂ ਭਵਿੱਖ ਦੀ ਕਾਮਯਾਬੀ ਦੀ ਕਾਮਨਾ ਕੀਤੀ। ਇਹ ਉਲੇਖਣਯੋਗ ਹੈ ਕਿ ਵਿਦਿਆਰਥਣ ਦੇ ਪਿਤਾ ਡਾ. ਗੁਰਮਿੰਦਰ ਸਿੰਘ ਬਰਾੜ, ਜੋ ਕਿ ਖੇਤੀਬਾੜੀ ਅਧਿਕਾਰੀ ਹਨ, ਨੇ ਵੀ ਇਸ ਸੰਸਥਾ ਵਿੱਚ ਪੜ੍ਹਾਈ ਕੀਤੀ ਹੈ।