ਕੋਟਕਪੂਰਾ/ਫਰੀਦਕੋਟ, 23 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵੱਲੋਂ ਸੰਸਾਰ ਪੱਧਰੀ ਧਰਤ ਦਿਵਸ ਦੇ ਮੌਕੇ ‘ਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਈ ਪ੍ਰਭਾਵਸ਼ਾਲੀ ਅਤੇ ਸ਼ਲਾਘਾਯੋਗ ਉਪਰਾਲੇ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਅਤੇ ਵਾਈਸ ਪ੍ਰਿੰਸੀਪਲ ਟੀ.ਕੇ. ਬਰਾੜ ਦੀ ਅਗਵਾਈ ਹੇਠ ਸਕੂਲ ਨੇ ਸਾਫ਼ ਅਤੇ ਹਰਾ ਭਰਾ ਭਵਿੱਖ ਬਣਾਉਣ ਲਈ ਆਪਣੀ ਪੱਕੀ ਵਚਨਬੱਧਤਾ ਦਰਸਾਈ। ਸਕੂਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ, ਡਿਪ ਇਰੀਗੇਸ਼ਨ ਤਰੀਕਿਆਂ ਅਤੇ ਰੇਨ ਵਾਟਰ ਹਾਰਵੈਸਟਿੰਗ ਵਰਗੀਆਂ ਸਰਗਰਮੀਆਂ ਰਾਹੀਂ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਾਣੀ ਬਚਾਉਣ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ‘ਵ੍ਰਿੰਕਲਜ਼ ਅੱਛੇ ਹਨ’ ਮੁਹਿੰਮ ਵੀ ਚਲਾਈ ਗਈ ਜਿਸ ਰਾਹੀਂ ਬਜ਼ੁਰਗਾਂ ਦੇ ਤਜਰਬੇ ਅਤੇ ਕੁਦਰਤ ਪ੍ਰਤੀ ਉਨ੍ਹਾਂ ਦੇ ਪਿਆਰ ਤੋਂ ਸਿੱਖਣ ਦੀ ਪ੍ਰੇਰਣਾ ਦਿੱਤੀ ਗਈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਪ੍ਰਿੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਕਿਹਾ, “ਆਪਣਾ ਰੁੱਖ ਲਗਾਓ। ਇਹ ਤੁਹਾਡੇ ਵੱਲੋਂ ਧਰਤੀ ਦੀ ਸੰਭਾਲ ਅਤੇ ਪਾਲਣਾ ਲਈ ਦਿੱਤੇ ਵਚਨ ਦੀ ਨਿਸ਼ਾਨੀ ਹੋਵੇ।” ਉਨ੍ਹਾਂ ਦੇ ਇਹ ਸ਼ਬਦਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਕੁਦਰਤ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਜਗਾਈ। ਕਾਰਜਕ੍ਰਮ ਦਾ ਸਮਾਪਨ ਹਰੇ ਭਰੇ ਸੰਕਲਪ ਨਾਲ ਹੋਇਆ ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਘਰ ਅਤੇ ਸਮਾਜ ਵਿਚ ਵੀ ਇਹ ਉਪਰਾਲੇ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ। ਬੱਚਿਆਂ ਵਿੱਚ ਧਰਤੀ ਮਾਤਾ ਦੇ ਪਿਆਰ ਨੂੰ ਹੋਰ ਗੂੜਾ ਕਰਨ ਲਈ ਸਵੇਰ ਦੀ ਸਭਾ ਵਿੱਚ ਵੱਖ- ਵੱਖ ਪ੍ਰੋਗਰਾਮ ਕਰਵਾਏ ਗਏ ਜਿਵੇਂ ਕਿ ਪੋਸਟਰ ਬਣਾਉਣਾ, ਕਵਿਤਾ, ਡਾਨਸ, ਸਕਿੱਟ ਅਤੇ ਭਾਸ਼ਣ ਪੇਸ਼ ਕੀਤਾ ਗਿਆ। ਅਦਾਰੇ ਦੇ ਵਾਈਸ ਪ੍ਰਿੰਸੀਪਲ ਟੀ. ਕੇ. ਬਰਾੜ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਧਰਤੀ ਦੀ ਸਾਂਭ – ਸੰਭਾਲ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਆਪਣੇ ਜੀਵਨ ਦਾ ਆਨੰਦ ਮਾਣ ਸਕਣ।