ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣ ਵਾਲਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਉਚਾਰਨ, ਸ਼ਬਦ ਗਾਇਨ, ਕਵਿਤਾ ਪਾਠ, ਧਾਰਮਿਕ ਕੋਰੀਓਗ੍ਰਾਫੀ, ਭਾਸ਼ਣ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਤ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਸ਼ੁੱਭ ਦਿਹਾੜੇ ’ਤੇ ਸੰਸਥਾ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪੜ੍ਹਨ ਤੇ ਸਮਝਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਮਝ ਦੀ ਪਰਖ ਲਈ ਬਹੁਵਿਕਲਪੀ ਪ੍ਰਸ਼ਨਾਵਲੀ ਅਧਾਰਿਤ ਟੈਸਟ ਵੀ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਐੱਸ.ਐੱਸ. ਬਰਾੜ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਪੜ੍ਹਨ, ਸਿੱਖਣ ਅਤੇ ਜੀਵਨ ਵਿੱਚ ਸੱਚਾਈ, ਨਿਮਰਤਾ ਅਤੇ ਹੱਕ-ਸੱਚ ਦੀ ਕਮਾਈ ਕਰਨ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ।

