ਵਿਨੀਪੈੱਗ, 11 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਇਕ ਸਮਾਗਮ ਦੌਰਾਨ ਮੈਨੀਟੇਬਾ ਦੇ ਪ੍ਰੀਮੀਅਰ ਵਾਬ ਕੀਨਿਊ ਵੱਲੋਂ ਪੰਜਾਬੀ ਭਾਈਚਾਰੇ ਦੀ ਮਾਣਮੱਤੀ ਸ਼ਖ਼ਸੀਅਤ ਗਿਆਨੀ ਗੁਰਮੁਖ ਸਿੰਘ ਸਰੋਏ ਨੂੰ ਸਮਾਜਿਕ, ਸਿੱਖਿਆ ਅਤੇ ਧਾਰਮਿਕ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਪੰਧੇਰ ਨੇ ਦੱਸਿਆ ਹੈ ਕਿ ਗੁਰਮੁਖ ਸਿੰਘ ਸਰਾਏ ਪਿਛਲੇ 50 ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਗਰੰਥੀ ਅਤੇ ਕੀਰਤਨ ਦੀਆਂ ਸੇਵਾਵਾਂ ਅਦਾ ਕਰ ਰਹੇ ਹਨ। ਉਹ ਜ਼ਿਲਾ ਮੋਗਾ ਦੇ ਪਿੰਡ ਢੁੱਡੀਕੇ ਦੇ ਜੰਮਪਲ ਹਨ ਅਤੇ ਪੰਜਾਬ ਵਿਚ ਅਧਿਆਪਕ ਵੀ ਰਹੇ ਹਨ। ਉਹ ਗੁਰਦੁਆਰਾ ਸਾਹਿਬ ਦੀ ਪੰਜ ਮੈਂਬਰੀ ਕੌਂਸਲ ਦੇ ਚੇਅਰਮੈਨ ਹਨ। ਸ. ਪੰਧੇਰ ਨੇ ਇਸ ਸਨਮਾਨ ਲਈ ਗੁਰਮੁਖ ਸਿੰਘ ਸਰੋਏ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਭਾਈਚਾਰੇ ਲਈ ਕੀਤੇ ਜਾ ਰਹੇ ਸੇਵਾ ਦੇ ਕਾਰਜਾਂ ਸਦਕਾ ਭਾਈਚਾਰਾ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਨੌਜਵਾਨ ਪੀੜ੍ਹੀ ਉਹਨਾਂ ਦੇ ਜੀਵਨ ਅਤੇ ਕਾਰਜਾਂ ਤੋਂ ਸੇਧ ਲੈ ਕੇ ਚੰਗੇਰਾ ਸਮਾਜ ਸਿਰਜਣ ਲਈ ਪ੍ਰੇਰਿਤ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਸੁਸਾਇਟੀ ਆਫ ਮੈਨੀਟੋਬਾ ਵੱਲੋਂ ਵੀ ਗਿਆਨੀ ਗੁਰਮੁਖ ਸਿੰਘ ਸਰੋਏ ਨੂੰ ਸੁਨਹਿਰੀ ਮਾਣ ਪੱਤਰ ਨਾਲ ਨਿਵਾਜਿਆ ਗਿਆ। ਇਹ ਸਨਮਾਨ ਮਿਲਣ ‘ਤੇ ਸ ਸਰੋਏ ਦਾ ਕਹਿਣਾ ਸੀ ਕਿ ਸਾਨੂੰ ਈਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਹਰ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਕਿਰਤ ਕਰਨ, ਵੰਡ ਕੇ ਛਕਣ ਅਤੇ ਨਾਮ ਜਪਣ ਉਪਰ ਪਹਿਰਾ ਦੇਣਾ ਚਾਹੀਦਾ ਹੈ।