ਬੱਸ ਸਟੈਂਡ ਫਰੀਦਕੋਟ ਵਿਖੇ ਸਾਂਝੀ ਰੈਲੀ ਕਰਨ ਦਾ ਕੀਤਾ ਗਿਆ ਫੈਸਲਾ
ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੀਆਂ ਲੋਕ-ਮਜ਼ਦੂਰ -ਕਿਸਾਨ-ਮੁਲਾਜ਼ਮ-ਪੈਨਸ਼ਨਰ-ਵਿਦਿਆਰਥੀ- ਨੌਜਵਾਨ ਵਿਰੋਧੀ ਨੀਤੀਆਂ ਖਿਲਾਫ 9 ਜੁਲਾਈ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦੀ ਤਿਆਰੀ ਦੇ ਸਬੰਧ ਵਿੱਚ ਇੱਕ ਮੀਟਿੰਗ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿਖੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਪੰਜਾਬ ਮੰਡੀ ਬੋਰਡ, ਸੁਖਵਿੰਦਰ ਸਿੰਘ ਸੁੱਖੀ ਜ਼ਿਲ੍ਹਾ ਪ੍ਰਧਾਨ ਡੈਮੋਕਰੇਟਿਕ ਟੀਚਰਜ ਫਰੰਟ ਜ਼ਿਲ੍ਹਾ ਫਰੀਦਕੋਟ, ਕੁਲਦੀਪ ਸ਼ਰਮਾ ਪੈਨਸ਼ਨ ਆਗੂ ਨਗਰ ਕੌਂਸਲ ਮੁਲਾਜ਼ਮ ਯੂਨੀਅਨ, ਕਾਮਰੇਡ ਅਸ਼ਵਨੀ ਕੁਮਾਰ ਸੀ ਪੀ ਆਈ ਐਮ, ਹਰਪਾਲ ਸਿੰਘ ਮਚਾਕੀ ਪੈਨਸ਼ਨਰ ਆਗੂ ਪਾਵਰ ਕੌਮ ਅਸ਼ੋਕ ਕੌਸ਼ਲ ਪੈਨਸ਼ਨਰ ਆਗੂ, ਗਗਨ ਪਾਹਵਾ ਅਧਿਆਪਕ ਆਗੂ, ਰਮੇਸ਼ ਕੁਮਾਰ ਨੀਨੂੰ ਨਗਰ ਕੌਂਸਲ ਅਤੇ ਗੁਰਤੇਜ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕਿਹਾ ਕਿ ਕਿਰਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ 29 ਕਿਰਤ ਕਾਨੂੰਨਾਂ ਨੂੰ ਮੋਦੀ ਸਰਕਾਰ ਨੇ ਖਤਮ ਕਰਕੇ ਮਜ਼ਦੂਰ ਵਿਰੋਧੀ 4 ਲੇਬਰ ਕੋਡਾਂ ਵਿੱਚ ਬਦਲ ਦਿੱਤਾ ਗਿਆ ਹੈ ,ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਲਾਗੂ ਕੀਤਾ ਜਾ ਰਿਹਾ ਹੈ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ, ਦੇਸ਼ ਭਰ ਵਿੱਚ ਲੱਖਾਂ ਖਾਲੀ ਅਸਾਮੀਂਆਂ ਤੇ ਰੈਗੂਲਰ ਭਰਤੀ ਕਰਨ ਦੀ ਬਜਾਏ ਠੇਕਾ ਅਤੇ ਆਊਟ ਸੋਰਸ ਪ੍ਰਣਾਲੀ ਨੂੰ ਜੰਗੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ, ਸਕੀਮ ਵਰਕਰਾਂ ਦਾ ਆਰਥਿਕ ਸੋਸਣ ਬਹੁਤ ਤੇਜ਼ੀ ਨਾਲ ਜਾਰੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀਂ ਪਾਰਟੀ ਦੀ ਸਰਕਾਰ ਵੀ ਇਹਨਾਂ ਲੋਕ ਵਿਰੋਧੀ ਰਾਹਾਂ ਤੇ ਚੱਲ ਰਹੀ ਹੈ। ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 9 ਜੁਲਾਈ ਨੂੰ ਸਵੇਰੇ ਠੀਕ 10:00 ਵਜੇ ਬਸੇ ਸਟੈਂਡ ਫਰੀਦਕੋਟ ਵਿਖੇ ਸਾਂਝੀ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਮੌਕੇ ਤੇ ਫੈਸਲਾ ਲੈ ਕੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਹ ਵੀ ਨਿਰਨਾ ਲਿਆ ਗਿਆ ਕਿ 9 ਜੁਲਾਈ ਦੇ ਐਕਸ਼ਨ ਨੂੰ ਸਫਲ ਬਣਾਉਣ ਲਈ ਫਰੀਦਕੋਟ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ 8 ਜੁਲਾਈ ਨੂੰ ਸਵੇਰੇ 8:00 ਵਜੇ ਬੱਸ ਅੱਡਾ ਫਰੀਦਕੋਟ ਨੇੜੇ ਕੁੜੀਆਂ ਵਾਲਾ ਸਕੂਲ ਵਿਖੇ ਇਕੱਠੇ ਹੋ ਕੇ ਵੱਖ-ਵੱਖ ਸਕੂਲਾਂ ਅਤੇ ਦਫਤਰਾਂ ਵਿੱਚ ਮੀਟਿੰਗਾਂ ਕਰਵਾ ਕੇ ਇਸ ਐਕਸ਼ਨ ਨੂੰ ਸਫਲ ਬਣਾਉਣ ਲਈ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਸ ਐਕਸ਼ਨ ਦੇ ਪ੍ਰਬੰਧਾਂ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਬਿਸ਼ਨ ਕੁਮਾਰ ਅਰੋੜਾ, ਜਸਬੀਰ ਸਿੰਘ, ਕਰਮਜੀਤ ਸਿੰਘ, ਠਾਕਰ ਸਿੰਘ, ਮਨਪ੍ਰੀਤ ਸਿੰਘ ਅਤੇ ਅਜੀਤ ਸਿੰਘ ਮੰਡੀ ਬੋਰਡ ਆਦਿ ਵੀ ਹਾਜਰ ਸਨ।