ਚੰਡੀਗੜ੍ਹ, 2 ਦਸੰਬਰ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਦਿਨੀਂ ਐਤਵਾਰ ਨੂੰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਆਪਣੇ ਲੜੀਵਾਰ ਪ੍ਰੋਗਰਾਮਾਂ ਦੇ “ਕਲਾਮ ਪੇਸ਼ ਹੈ” ਸਿਰਲੇਖ ਹੇਠ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਇਟਲੀ ਤੋਂ ਇਲਾਵਾ ਜਰਮਨੀ, ਪੁਰਤਗਾਲ, ਅਮਰੀਕਾ, ਪੰਜਾਬ ਅਤੇ ਹਰਿਆਣਾ ਦੇ ਸ਼ਾਇਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ । ਇਹ ਕਵੀ ਦਰਬਾਰ ਇੱਕ ਯਾਦਗਰੀ ਹੋ ਨਿੱਬੜਿਆ। “ਕਲਾਮ ਪੇਸ਼ ਹੈ” ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸ੍ਰਪਰਸਤ ਬਿੰਦਰ ਕੋਲੀਆਂ ਵਾਲ ਨੇ ਸਾਰੇ ਸ਼ਾਇਰਾਂ ਨੂੰ ਜੀ ਆਇਆਂ ਆਖਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਮੁਖਤਾਰ ਸਿੰਘ ਚੰਦੀ ਨੇ ਆਪਣੇ ਸ਼ੇਅਰ “ਜੀਓ ਆਇਆਂ ਸਾਰਿਆਂ ਨੂੰ! ਜਾਨ ਤੋਂ ਪਿਆਰਿਆਂ ਨੂੰ!ਦਿਓ ਜੀ ਇਜਾਜ਼ਤ ਗੱਲਬਾਤ ਕਰੀਏ! ਰੱਬ ਜੀ ਦਾ ਨਾਮ, ਲੈ ਕੇ ਲਫ਼ਜ਼ਾਂ ਦਾ ਜਾਮ ਲੈ ਕੇ, ਦਿਓ ਜੀ ਅਸੀਸਾਂ ਸ਼ੁਰੂਆਤ ਕਰੀਏ!” ਨਾਲ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਨੂੰ ਸੱਦਾ ਦਿੱਤਾ। ਉਹਨਾਂ ਨੇ ਆਪਣੀ ਗ਼ਜ਼ਲ, “ਜਾਪਦਾ ਅੱਜ ਫਿਰ ਵਿਗੜੇਗਾ ਮਾਹੌਲ, ਸ਼ੋਰ ਜੋ ਚੁੱਪ ਦਾ ਸੁਨਾਈ ਦੇ ਰਿਹਾ!” ਨਾਲ ਖੂਬ ਰੰਗ ਬੰਨ੍ਹਿਆ। ਜਸਵਿੰਦਰ ਕੌਰ ਮਿੰਟੂ ਨੇ “ਡਾਹਢੀ ਨਫ਼ਰਤ ਦਿਲਾਂ ਵਿੱਚੋਂ ਕੱਢਕੇ ਪ੍ਰੇਮ ਕਹਾਣੀ ਵਰਗੀ ਹੋ ਜਾਹ!” ਨਾਲ ਆਪਣੀ ਹਾਜ਼ਰੀ ਲਗਵਾਈ। ਅਗਲਾ ਸੱਦਾ ਮਲਕੀਤ ਮੀਤ ਨੂੰ ਦਿੱਤਾ ਗਿਆ। ਉਹਨਾਂ ਨੇ “ਮਾਂ ਬੋਲੀ ਪੰਜਾਬੀਏ ਮੈਂ ਤੈਨੂੰ ਸੀਸ ਝੁਕਵਾ” ਨਾਲ ਆਪਣੀ ਮਾਂ ਬੋਲੀ ਦੀ ਉਪਮਾ ਕਰਕੇ ਸਜਦਾ ਕੀਤਾ। ਯਾਦਵਿੰਦਰ ਸਿੰਘ ਬਾਗੀ ਨੇ ਆਪਣੇ ਗੀਤ “ਜਿਹਦੀ ਬੁੱਕਲ ਤੂੰ ਖੇਡਦਾ ਉਹਨੇ ਨਹੀਂ ਤੇਰੀ ਬੁੱਕਲ ਵਿੱਚ ਆਉਣਾ!” ਨਾਲ ਕੁਦਰਤ ਦੀ ਗੱਲ ਕੀਤੀ। ਕਰਮਜੀਤ ਕੌਰ ਰਾਣਾ ਨੇ ਆਪਣੀ ਹਾਜ਼ਰੀ “ਕੁੱਝ ਇੱਛਾਵਾਂ ਮੈਂ ਆਟੇ ਦੇ ਵਿੱਚ ਗੁੰਨ ਦਿੱਤੀਆਂ! ਕੁੱਝ ਇੱਛਾਵਾਂ ਪੇੜੇ ਦੇ ਵਿੱਚ ਤੁੰਨ ਦਿੱਤੀਆਂ! ” ਨਾਲ ਵੱਖਰਾ ਰੰਗ ਪੇਸ਼ ਕੀਤਾ। ਅਗਲੇ ਸੱਦੇ ਉੱਪਰ ਗੋਲਡੀ ਬਾਵਾ ਨੇ “ਉਏ ਕੀ ਪਤਾ ਕੱਦ ਸੱਦ ਲੈ ਬਾਬਾ” ਨਾਲ ਆਪਣੀ ਹਾਜ਼ਰੀ ਲਗਵਾਈ। ਪੋਲੀ ਬਰਾੜ ਜੀ ਨੇ “ਜੀਵਨ ਰੰਗ ਮੰਚ ਕਿਰਦਾਰ ਨਿਭਾਉਂਦੇ ਚਲੇ ਜਾਂਦੇ! ” ਨਾਲ ਦੁਨੀਆਂਦਾਰੀ ਦੀ ਗੱਲ ਕੀਤੀ। ਸੋਹਨ ਸਿੰਘ ਸੁਨੀਲਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ “ਗੋਬਿੰਦ ਦਿਆ ਲਾਲਾਂ ਨੇ ਹੱਸਕੇ ਜਾ ਸ਼ਹੀਦੀਆਂ ਪਾਈਆਂ! ” ਗਾ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ। ਅਗਲੇ ਸੱਦੇ ਉੱਪਰ ਅੰਜੂ ਅਮਨਦੀਪ ਗਰੋਵਰ “ਆ ਸੱਜਣਾ ਬਹਿ ਕੋਲ ਕਦੇ! ਦਿਲ ਦੇ ਵਰਕੇ ਫੋਲ ਕਦੇ!” ਨਾਲ ਮੋਹ ਭਿੱਜੇ ਗੁੱਸੇ-ਗਿਲੇ ਦੀ ਗੱਲ ਕੀਤੀ। ਬਾਜਵਾ ਸਿੰਘ ਨੇ ਨਸ਼ਿਆ ਦੀ ਗੱਲ ਆਪਣੇ ਗੀਤ, “ਨਸ਼ਿਆ ਦੇ ਲੜ ਲੱਗਕੇ ਕਾਹਤੋਂ ਰੋਲ ਦਾ ਜਵਾਨੀ! ” ਪੰਜਾਬ ਦੀ ਜਵਾਨੀ ਨੂੰ ਉਸਾਰੂ ਸੁਨੇਹਾ ਦਿੱਤਾ । ਚਰਚਿਤ ਗੀਤਕਾਰ ਰਾਣਾ ਅਠੌਲਾ ਨੇ ਆਪਣੇ ਗੀਤ, “ਮਿਹਨਤਾਂ ਦੇ ਮੁੱਲੋ ਵਾਂਝੇ ਰਹਿੰਦੇ ਗੀਤਕਾਰ ਨੇ!” ਵਿੱਚ ਗੀਤਕਾਰਾਂ ਨਾਲ ਹੋ ਰਹੇ ਧੱਕੇ ਦੀ ਗੱਲ ਕੀਤੀ। ਅਸਲ ਵਿੱਚ ਇਸ ਨਿਹੋਰਾ ਨੁਮਾ ਗੀਤ ਵਿੱਚ ਰਾਣਾ ਅਠੌਲਾ ਨੇ ਗੀਤਕਾਰਾਂ ਅਤੇ ਗਾਇਕਾਂ ਦੇ ਆਰਥਿਕ ਅਤੇ ਸਮਾਜਿਕ ਹਾਲਾਤਾਂ ਵਿਚਲੇ ਪਾੜੇ ਨੂੰ ਉਜਾਗਰ ਕੀਤਾ ਹੈ! ਹਾਜ਼ਰ ਕਵੀਆਂ ਨੇ ਰਾਣਾ ਅਠੌਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ! ਸਰਬਜੀਤ ਸਿੰਘ ਜਰਮਨੀ ਨੇ ਆਪਣੀ ਰਚਨਾ “ਚੜ੍ਹਿਆ ਮਹੀਨਾ ਮੱਘਰ ਦਾ!” ਨਾਲ ਮੌਸਮ ਦੀ ਗੱਲ ਕੀਤੀ। “ਮੋਤੀ ਸ਼ਾਇਰ ਪੰਜਾਬੀ” ਨੇ ਆਪਣੀ ਹਾਜ਼ਰੀ ਡਾ. ਜਗਤਾਰ ਦੀ ਗ਼ਜ਼ਲ, “ਲੱਥੀ ਕਿਸੇ ਮਹਿੰਦੀ ਕੋਈ ਕਿਵੇਂ ਲਗਾਏ! ” ਨਾਲ ਵਾਹ-ਵਾਹ ਖੱਟੀ। ਸਭਾ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੇ, “ਕਿਹਨਾਂ ਅੱਖੀਆਂ ਨਾਲ ਕਰਾਂ ਦੀਦ ਤੇਰੀ ਅਸੀਂ ਰੋ-ਰੋ ਨੈਣ ਗਵਾਏ ਸੱਜਣਾ!” ਨਾਲ ਆਪਣੀ ਹਾਜ਼ਰੀ ਭਰੀ। ਕਵੀ ਦਰਬਾਰ ਦੇ ਸੰਚਾਲਕ ਮੁਖਤਾਰ ਸਿੰਘ ਚੰਦੀ ਨੇ “ਕਲੀਆਂ ਵਰਗੇ ਹਾਸੇ ਤੇਰੇ ਫ਼ੁੱਲਾਂ ਜਿਹੀ ਖੁਸ਼ਬੋ ਸੱਜਣਾ!” ਤਰੰਨਮ ਵਿੱਚ ਗਾ ਕੇ ਜਿਵੇਂ ਮਹਿਫ਼ਲ ਹੀ ਲੁੱਟ ਲਈ । ਕਵੀ ਦਰਬਾਰ ਵਿੱਚ ਉਹਨਾਂ ਸਰੋਤਿਆਂ ਦੇ ਨਾਂ ਵੀ ਨਸ਼ਰ ਕੀਤੇ ਗਏ ਜਿਹਨਾਂ ਨੇ ਚੱਲਦੇ ਕਵੀ ਦਰਬਾਰ ਵਿੱਚ ਆਪਣੀਆਂ ਟਿੱਪਣੀਆਂ ਨਾਲ ਹੌਸਲਾ ਵਧਾਇਆ । ਪ੍ਰੋਗਰਾਮ ਦੇ ਆਖਿਰ ਵਿੱਚ ਮੋਤੀ ਸ਼ਾਇਰ ਪੰਜਾਬੀ ਵੱਲੋਂ ਕਵੀਆਂ ਅਤੇ ਕਵਿਤ੍ਰੀਆਂ ਦੇ ਨਾਲ-ਨਾਲ ਸਰੋਤਿਆਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹਨਾਂ ਦੇ ਮੁਹੱਬਤੀ ਪੈਗ਼ਾਮ ਕਾਫ਼ਲੇ ਨੂੰ ਊਰਜਾ ਪ੍ਰਦਾਨ ਕਰਦੇ ਰਹਿਣਗੇ!
