
ਚੰਡੀਗੜ੍ਹ, 2 ਅਗਸਤ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਸਾਵਣ ਨੂੰ ਸਮਰਪਿਤ ਪ੍ਰੋਗਰਾਮ ਜ਼ੂਮ ਐੱਪ ਤੇ ਕਰਵਾਇਆ ਗਿਆ । ਪ੍ਰੋਗਰਾਮ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ਸਭਾ ਦੀ ਪ੍ਰਧਾਨ ਡਾ.ਰਵਿੰਦਰ ਕੌਰ ਭਾਟੀਆ ਨੇ ਸਭ ਨੂੰ ਮੋਹ ਭਿੱਜੇ ਸ਼ਬਦਾਂ ਨਾਲ ਜੀ ਆਇਆਂ ਕਿਹਾ। ਉਸ ਤੋਂ ਬਾਅਦ ਨਾਮਵਰ ਗਾਇਕ ਅਤੇ ਸਭਾ ਦੀ ਮੀਤ ਪ੍ਰਧਾਨ ਮੀਤਾ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਸਭਾ ਦੀ ਮੀਤ ਪ੍ਰਧਾਨ ਅੰਜੂ ਅਮਨਦੀਪ ਗਰੋਵਰ ਅਤੇ ਜਨਰਲ ਸਕੱਤਰ ਰਾਜਬੀਰ ਕੌਰ ਬੀਰ ਗਰੇਵਾਲ ਨੇ ਬੜੇ ਸੁਹਿਰਦ ਸ਼ਬਦਾਂ ਨਾਲ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਸਭ ਤੋਂ ਵਾਹ ਵਾਹ ਖੱਟੀ। ਇਸ ਸਮਾਗਮ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਸਮਾਗਮ ਵਿੱਚ ਜਿੱਥੇ ਉਨ੍ਹਾਂ ਨੇ ਆਪਣੀਆਂ- ਆਪਣੀਆਂ ਰਚਨਾਵਾਂ ਦੀ ਸਾਂਝ ਪਾਈ ਉੱਥੇ ਹੀ ਉਨ੍ਹਾਂ ਨੇ ਤੀਆਂ ਨੂੰ ਮਨਾਉਦੇ ਹੋਏ ਬੋਲੀਆਂ ਪਾਈਆਂ ਅਤੇ ਟੱਪੇ ਵੀ ਬੋਲੇ। ਇਸ ਪ੍ਰੋਗਰਾਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਡਾ .ਦਲਬੀਰ ਸਿੰਘ ਕਥੂਰੀਆ, ਮਸ਼ਹੂਰ ਸੂਫ਼ੀ ਗਾਇਕ ਅਦਨਾਨ ਹੁਸਨੈਂਨ,ਸੁਦੇਸ਼ ਨੂਰ, ਜ਼ਸਵਿੰਦਰ ਪਾਲ ਚੱਠਾ ਗਰੇਵਾਲ, ਗੁਰਪ੍ਰੀਤ ਕਰਦਾ, ਕੁਲਵਿੰਦਰ ਕੰਵਲ, ਡਾ.ਅਬਦੁੱਲ ਰਜ਼ਾਕ ਸ਼ਾਹਿਦ,ਭਾਰਤ ਭੂਸ਼ਣ, ਪ੍ਰਕਾਸ਼ ਕੌਰ ਪਾਸ਼ਾਂ ਸਤਿੰਦਰਜੀਤ ਕੌਰ, ਸਾਹਿਬਾ ਜੀਟਨ ਕੋਰ ,ਮੰਗਤ ਖਾਨ,ਪਰਵੀਨ ਸਿੱਧੂ ,ਭਾਰਤ ਭੂਸ਼ਣ ਆਦਿ ਨਾਮਵਰ ਕਵੀ ਸ਼ਾਮਿਲ ਰਹੇ। ਇਸ ਤੋਂ ਅਲਾਵਾ ਸਭਾ ਦੀ ਮੀਤ ਪ੍ਰਧਾਨ ਨਾਮਵਰ ਗਾਇਕਾ ਅਤੇ ਸ਼ਾਇਰਾ ਮੀਤਾ ਖੰਨਾ , ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਅਤੇ ਮੀਡੀਆ ਸਕੱਤਰ ਸਰਬਜੀਤ ਕੌਰ ਹਾਜੀਪੁਰ ਨੇ ਵੀ ਆਪਣੀਆਂ ਰਚਨਾਵਾਂ ਦੀ ਬਖੂਬੀ ਸਾਂਝ ਪਾਈ । ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਫ਼ੇਸਬੁਕ ਪੇਜ਼ ਉੱਤੇ ਵੀ ਕੀਤਾ ਗਿਆ ਅਤੇ ਉੱਥੇ ਵੀ ਬਹੁਤ ਵੱਡੀ ਗਿਣਤੀ ਵਿੱਚ ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਸਮਾਜ ਸੇਵਕ ਜੁੜੇ ਅਤੇ ਇਸ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ। ਅੰਤ ਵਿੱਚ ਸੰਸਥਾਪਕ ਅਤੇ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਨੇ ਆਏ ਹੋਏ ਸਾਰੇ ਹੀ ਆਪਣੇ -ਆਪਣੇ ਖੇਤਰ ਵਿੱਚ ਨਾਮਨਾ ਖੱਟ ਚੁੱਕੇ ਨਾਮਵਰ ਸਾਹਿਤਕਾਰਾਂ , ਸਮਾਜ ਸੇਵਿਕਾ ਅਤੇ ਸਾਹਿਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਮਾਂ – ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲੇ ਕਰਨ ਦਾ ਵਾਅਦਾ ਕੀਤਾ।