ਫਰੀਦਕੋਟ , 3 ਮਾਰਚ (ਵਰਲਡ ਪੰਜਾਬੀ ਟਾਈਮਜ਼)
ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਵਾਲੀ ਜਿਲਾ ਪੁਲਿਸ ਨੇ ਅੱਜ ਲਗਾਤਾਰ ਦੂਜੇ ਦਿਨ ਵੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਈ ਘਰਾਂ ਦੀ ਤਲਾਸ਼ੀ ਕੀਤੀ ਅਤੇ ਬਕਾਇਦਾ ਸਰਚ ਅਪ੍ਰੇਸ਼ਨ ਵੀ ਚਲਾਇਆ। ਬੀਤੇ ਕੱਲ ਪੁਲਿਸ ਦੀ ਆਮਦ ਤੋਂ ਪਹਿਲਾਂ ਹੀ ਕਈ ਨਸ਼ਾ ਤਸਕਰੀ ਵਿੱਚ ਲੱਗੇ ਪਰਿਵਾਰ ਘਰਾਂ ਨੂੰ ਜਿੰਦਰੇ ਮਾਰ ਕੇ ਰੂਪੋਸ਼ ਹੋ ਗਏ ਸਨ ਤੇ ਅੱਜ ਵੀ ਪੁਲਿਸ ਦੀ ਸਖਤੀ ਦਾ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਦੂਜੇ ਦਿਨ ਵੀ ਕਈ ਪਰਿਵਾਰ ਆਪੋ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਗਾਇਬ ਹੋ ਗਏ। ਸਥਾਨਕ ਜਲਾਲੇਆਣਾ ਰੋਡ ’ਤੇ ਸਥਿੱਤ ਇੰਦਰਾ ਕਲੋਨੀ ਦੇ ਸ਼ੱਕੀ ਘਰਾਂ ਦੀ ਪਹਿਲਾਂ ਭਾਰੀ ਪੁਲਿਸ ਨੇ ਘੇਰਾਬੰਦੀ ਕੀਤੀ ਅਤੇ ਉਸ ਤੋਂ ਬਾਅਦ ਜਸਮੀਤ ਸਿੰਘ ਐਸ.ਪੀ. ਫਰੀਦਕੋਟ ਦੀ ਅਗਵਾਈ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਹੋ ਗਈ। ਜਿਲਾ ਪੁਲਿਸ ਪਿਛਲੇ ਤਿੰਨ ਦਿਨਾ ਤੋਂ ਐਕਸ਼ਨ ਮੋੜ ਵਿੱਚ ਦਿਖਾਈ ਦੇ ਰਹੀ ਹੈ, ਜਿਸ ਤਹਿਤ ਦੋ ਦਰਜਨ ਤੋਂ ਵੀ ਜਿਆਦਾ ਨਸ਼ਾ ਤਸਕਰ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ। ਬੀਤੇ ਕੱਲ ਅਰਥਾਤ ਸ਼ਨੀਵਾਰ ਨੂੰ ਸੂਬਾ ਪੱਧਰੀ ਮੁਹਿੰਮ ਦੌਰਾਨ ਫਰੀਦਕੋਟ ਪੁਲਿਸ ਨੇ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਦੇ 9 ਕੇਸ ਦਰਜ ਕਰਦਿਆਂ 18 ਅਜਿਹੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ, ਜਿੰਨਾ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਹੈਰੋਇਨ ਅਤੇ ਨਜਾਇਜ ਹਥਿਆਰ ਵੀ ਬਰਾਮਦ ਹੋਏ। ਪੁਲਿਸ ਪਾਰਟੀ ਨੇ ਇੰਦਰਾ ਕਲੋਨੀ ਦੇ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਤਾਂ ਉਸ ਇਲਾਕੇ ਵਿੱਚ ਆਣ ਜਾਣ ਵਾਲੇ ਲੋਕਾਂ ਤੋਂ ਵੀ ਡੂੰਘਾਈ ਨਾਲ ਪੁੱਛਗਿੱਛ ਕਰਨ ਉਪਰੰਤ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
