ਕੋਟਕਪੂਰਾ, 22 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ। ਇਕਬਾਲ ਸਿੰਘ ਡੀ.ਐਸ.ਪੀ. ਜੈਤੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਬਾਜਾਖਾਨਾ ਦੇ ਅੰਦਰ ਆਉਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਵਸਨੀਕ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵੱਲੋਂ ਨਜਾਇਜ ਉਸਾਰੀ ਕੀਤੀ ਗਈ ਸੀ। ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ। ਉਹਨਾ ਦੱਸਿਆ ਕਿ ਜਦੋ ਇਸ ਵਿਅਕਤੀ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬਲਜੀਤ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ 3 ਮੁਕੱਦਮੇ ਦਰਜ ਰਜਿਸਟਰ ਹੈ, ਇਸ ਦੇ ਨਾਲ ਹੀ ਸੰਗਠਿਤ ਅਪਰਾਧ ਸਬੰਧੀ ਵੀ ਮਾਮਲਾ ਦਰਜ ਰਜਿਸਟਰ ਹੈ। ਇਸ ਮੌਕੇ ਬਤੌਰ ਡਿਊਟੀ ਮੈਜਿਸਟਰੇਟ, ਵਿਕਾਸ ਕੁਮਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਮੌਜੂਦ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਕੋਟਕਪੂਰਾ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਉਸਾਰੀ ਬਲਜੀਤ ਸਿੰਘ ਵੱਲੋਂ ਨਜਾਇਜ ਤੌਰ ’ਤੇ ਕੀਤੀ ਗਈ ਸੀ, ਜਿਸ ਸਬੰਧੀ ਗਰਾਮ ਪੰਚਾਇਤ ਵੱਲੋਂ ਇਸ ਨਜਾਇਜ ਕਬਜੇ ਨੂੰ ਦੂਰ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪਰ ਕਬਜਾਕਾਰੀਆਂ ਵੱਲੋਂ ਇਸ ਜਗਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਗਈ ਹੈ। ਡੀ.ਐਸ.ਪੀ. (ਜੈਤੋ) ਸ਼੍ਰੀ ਇਕਬਾਲ ਸਿੰਘ ਵੱਲੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮਨਜੂਰੀ ਹਾਸਿਲ ਉਪਰੰਤ ਅਟੈਚ ਕਰਵਾਇਆ ਜਾਏਗਾ। ਫਰੀਦਕੋਟ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਮਾਰਚ-2025 ਤੋ ਹੁਣ ਤੱਕ 954 ਮੁਕੱਦਮੇ ਦਰਜ ਕਰਕੇ 1461 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੌਰਾਨ 31 ਕਿਲੋ ਤੋ ਵੱਧ ਹੈਰੋਇਨ, 07 ਕਿਲੋ ਅਫੀਮ, 20 ਕੁਇੰਟਲ ਦੇ ਕਰੀਬ ਪੋਸਤ, 21 ਹਜਾਰ ਨਸ਼ੀਲੀਆਂ ਗੋਲੀਆ/ਕੈਪਸੂਲ ਅਤੇ 15 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਹੁਣ ਤੱਕ ਨਸ਼ਾ ਤਸਕਰਾ ਦੀ ਕਰੀਬ 9 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਤ ਪਿਛਲੇ ਕਰੀਬ 18 ਮਹੀਨਿਆ ਅੰਦਰ ਹੀ ਫਰੀਜ ਕਰਵਾਈ ਗਈ ਹੈ। ਇਸ ਮੌਕੇ ਸਥਾਨਿਕ ਮੁਹੱਲਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਸਲਾਘਾਪੂਰਨ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਨਸ਼ਿਆਂ ਦੇ ਖਤਮੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਉਨ੍ਹਾਂ ਦੇ ਨਾਲ ਹੈ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਦੇ ਪੁਨਰਵਾਸ ਵਿੱਚ ਪੂਰੀ ਸਹਾਇਤਾ ਕੀਤੀ ਜਾਵੇਗੀ।

