ਪੁਲਿਸ ਵਲੋਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋਂ ਵਿਖੇ ਬੱਸ ਸਟੈਂਡਾਂ ਅਤੇ ਬੱਸਾਂ ਦੀ ਚੈਕਿੰਗ
ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਡਰੋਨ ਕੈਮਰਿਆਂ ਰਾਹੀ ਰੱਖੀ ਜਾ ਹੈ ਤੇਜ ਨਜਰ : ਐੱਸ.ਐੱਸ.ਪੀ.
ਕੋਟਕਪੂਰਾ, 7 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਨਸ਼ਿਆ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਪੰਜਾਬ ਭਰ ਵਿੱਚ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲੇ ਸਥਾਨਾਂ ਦੀ ਸਨਾਖਤ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਵਿਸ਼ੇਸ਼ ਅਭਿਆਨ ਦੇ ਤਹਿਤ ਮੰਗਲਵਾਰ ਨੂੰ ਜਿਲ੍ਹੇ ਦੇ ਸਾਰੇ ਬੱਸ ਸਟੈਡਾਂ ਅਤੇ ਇਸਦੇ ਆਸ-ਪਾਸ ਖੇਤਰਾਂ ਵਿੱਚ ਇੱਕ ਖਾਸ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਹ ਅਪ੍ਰੇਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁਪਹਿਰ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਵੱਲੋਂ ਐਟੀਸਾਬੋਟੇਜ਼ ਚੈੱਕ ਅਤੇ ਡਾਗ ਸਕਾਡ ਦੀ ਸਹਾਇਤਾ ਨਾਲ ਬੱਸ ਸਟੈਂਡਾਂ ’ਤੇ ਸ਼ਪੈਸ਼ਲ ਚੈਕਿੰਗ ਕੀਤੀ ਗਈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਹਰ ਬੱਸ ਸਟੈਡਾਂ ’ਤੇ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਡਰੋਨ ਕੈਮਰਿਆਂ ਰਾਹੀ ਹਰ ਸ਼ੱਕੀ ਗਤੀਵਿਧੀ ਤੇ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੁਲੀਸ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਤਲਾਸ਼ੀ ਦੌਰਾਨ ਹਰ ਵਿਅਕਤੀ ਨਾਲ ਵਧੀਆਂ ਅਤੇ ਸਹਿਜ ਸੁਭਾਵ ਨਾਲ ਪੇਸ਼ ਆਉਣ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਬੱਸ ਸਟੈਡਾਂ ’ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ 70 ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਇਸ ਦੌਰਾਨ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾਈ ਗਈ। ਇਸ ਅਪ੍ਰੇਸ਼ਨ ਦੌਰਾਨ ਬੱਸ ਸਟੈਡਾਂ ’ਤੇ 40 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਬੱਸ ਸਟੈਂਡਾਂ ਦੀ ਪਾਰਕਿੰਗ ਅਤੇ ਆਸ-ਪਾਸ ਖੜੇ ਵਾਹਨਾਂ ਦੀ, ਵਾਹਨ ਐਪ ਦੀ ਸਹਾਇਤਾ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਵਹੀਕਲਾਂ ਦੇ ਚਲਾਨ ਵੀ ਜਾਰੀ ਕੀਤੇ ਗਏ।

