ਨਸ਼ਾ ਤਸਕਰਾਂ ਤੇ ਨਸ਼ਿਆਂ ਦੇ ਖਾਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ : ਸੰਧਵਾਂ
ਸਪੀਕਰ ਨੇ ਹਲਕਾ ਕੋਟਕਪੂਰਾ ਦੇ ਧੂੜਕੋਟ ਅਤੇ ਢੁੱਡੀ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਦੀ ਕੀਤੀ ਸ਼ੁਰੂਆਤ
ਕੋਟਕਪੂਰਾ, 18 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਵੱਡੀ ਪੱਧਰ ’ਤੇ ਜਾਗਰੂਕ ਕਰਕੇ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿੱਥੇ ਰਾਜ ਵਿੱਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਕੇ ਨਸ਼ਿਆਂ ਦੇ ਕਾਰੋਬਾਰ ਤੇ ਕਾਫੀ ਕਾਬੂ ਪਾਇਆ ਗਿਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਤੋਂ ਨਸ਼ਾਮੁਕਤੀ ਯਾਤਰਾ ਸ਼ੁਰੂ ਕੀਤੀ ਹੈ। ਜਿਸ ਤਹਿਤ ਹਲਕਾ ਕੋਟਕਪੂਰਾ ਦੇ ਪਿੰਡ ਢੁੱਡੀ ਅਤੇ ਧੂੜਕੋਟ ਵਿਖੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਯੋਗ ਅਗਵਾਈ ਹੇਠ ਪੰਚਾਇਤ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ,ਸਹਿਕਾਰਤਾ ਵਿਭਾਗ ਦੇ ਸਹਿਯੋਗ ਨਾਲ ਗ੍ਰਾਮ ਸਭਾਵਾਂ, ਪਿੰਡ ਵਾਸੀਆ, ਪਿੰਡ ਰੱਖਿਆ ਕਮੇਟੀਆਂ, ਯੂਥ ਕਲੱਬਾਂ ਤੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਜਾਗਰੂਕਤਾ ਸਮਾਗਮ ਕੀਤਾ ਗਿਆ। ਜਿਸ ਵਿੱਚ ਹਲਕੇ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਸ਼ਾ ਸਾਡੀ ਨੋਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਸਮਾਜ ਲਈ ਗੰਭੀਰ ਸਮੱਸਿਆ ਬਣ ਗਿਆ ਹੈ ਪੰਜਾਬ ਸਰਕਾਰ ਨੇ ਨਸ਼ੇ ਤੇ ਨਸ਼ਾ ਤਸਕਰਾਂ ਦੇ ਜੜ੍ਹੋਂ ਖਤਮ ਕਰਨ ਲਈ ਨਸ਼ਾ ਤਸਕਰਾਂ ਵਿਰੁੱਧ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਕੋਈ ਵੀ ਅੱਗੇ ਤੋਂ ਨਸ਼ਾ ਤਸਕਰੀ ਦਾ ਕੰਮ ਨਾ ਕਰੇ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਤੇ ਇਨ੍ਹਾਂ ਜਾਗਰੂਕਤਾ ਸਮਾਗਮਾਂ ਰਾਹੀਂ ਪਿੰਡ ਤੇ ਗਲੀ-ਮੁਹੱਲੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਮੁਹਿੰਮ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਖੁੱਲ਼ਹ ਕੇ ਆਵਾਜ਼ ਉਠਾਉਣ ਤਾਂ ਜੋ ਇਸ ਸਮਾਜਿਕ ਬੁਰਾਈ ਦਾ ਅੰਤ ਕੀਤਾ ਜਾ ਸਕੇ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਾਜ਼ਰੀਨ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਜੀ.ਏ. ਸ. ਗੁਰਕਿਰਨਦੀਪ ਸਿੰਘ,ਬੀ.ਡੀ.ਪੀ.ਓ ਕੋਟਕਪੂਰਾ ਸ੍ਰੀ ਵਿਕਾਸ ਸ਼ਰਮਾ, ਐਸ ਐਮ ਓ ਡਾ. ਹਰਿੰਦਰ ਗਾਂਧੀ, ਹਲਕਾ ਕੁਆਰਡੀਨੇਟਰ ਸ. ਰਾਜਪਾਲ ਸਿੰਘ, ਮਨਦੀਪ ਭਾਣਾ, ਫਲੈਗ ਚਾਵਲਾ ,ਸਰਪੰਚ ਅਮਰ ਕੌਰ, ਪੰਚਾਇਤ ਸੈਕਟਰੀ ਸੁਖਚੈਨ ਸਿੰਘ, ਪੰਚਾਇਤ ਅਫ਼ਸਰ ਦਲਜੀਤ ਸਿੰਘ, ਪਟਵਾਰੀ ਹਰਮਿੰਦਰ ਸਿੰਘ, ਐਸ ਐਚ ਓ ਰਾਜੇਸ਼ ਕੁਮਾਰ, ਜਗਰੂਪ ਸਿੰਘ ਸਰਪੰਚ, ਪੰਚਾਇਤ ਸੈਕਟਰੀ ਸੁਖਚੈਨ ਸਿੰਘ, ਪੰਚਾਇਤ ਅਫ਼ਸਰ ਦਲਜੀਤ ਸਿੰਘ, ਪਟਵਾਰੀ ਹਰਮਿੰਦਰ ਸਿੰਘ, ਐਸ ਐਚ ਓ ਰਾਜੇਸ਼ ਕੁਮਾਰ ਹਾਜ਼ਰ ਸਨ।