ਪੁਲਿਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਨਸ਼ਾ ਤਸਕਰਾਂ ਦੇ ਸ਼ੱਕੀ ਟਿਕਾਣਿਆਂ ਦੀ ਕੀਤੀ ਚੈਕਿੰਗ

ਕੋਟਕਪੂਰਾ, 19 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਭਰ ਵਿਚ ਨਸ਼ਾ ਤਸਕਰਾਂ ਅਤੇ ਨਸ਼ਾ ਵਿਕਣ ਵਾਲੇ ਸਥਾਨਾਂ ਦੀ ਸ਼ਨਾਖਤ ਕਰਕੇ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ‘ਕਾਰਡਨ ਐਂਡ ਸਰਚ ਓਪਰੇਸ਼ਨ’ ਚਲਾਇਆ ਗਿਆ। ਜਿਸ ਦੀ ਅਗਵਾਈ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਵੱਲੋ ਕੀਤੀ ਗਈ। ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਰੇਂਜ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਅੰਦਰ ਇਹ ਸਰਚ ਆਪਰੇਸ਼ਨ ਵੱਡੇ ਪੱਧਰ ਤੇ ਚਲਾਇਆ ਗਿਆ ਹੈ। ਇਸ ਦੌਰਾਨ ਜਿਨਾਂ ਵਿਅਕਤੀਆਂ ਉੱਪਰ ਪਹਿਲਾਂ ਐਨ.ਡੀ.ਪੀ.ਐਸ ਤਹਿਤ ਮੁਕਦਮੇ ਦਰਜ ਹਨ ਅਤੇ ਜਿਨਾਂ ਦੇ ਕ੍ਰਿਮੀਨਲ ਰਿਕਾਰਡ ਹਨ, ਉਹਨਾਂ ਉੱਪਰ ਪੁਲਿਸ ਪਾਰਟੀਆਂ ਵੱਲੋਂ ਰੇਡ ਕਰਕੇ ਸਰਚ ਕੀਤਾ ਗਿਆ ਹੈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਵਹੀਕਲਾ ਦੀ ਸ਼ੱਕ ਦੇ ਅਧਾਰ ਦੇ ਜਾਚ ਕੀਤੀ ਜਾ ਰਹੀ ਹੈ। ਇਸ ਸਰਚ ਆਪਰੇਸ਼ਨ ਦੌਰਾਨ ਇਲਾਕੇ ਨੂੰ ਨਾਕਾਬੰਦੀ ਕਰ ਬਾਹਰ ਅਤੇ ਅੰਦਰ ਆਉਣ ਵਾਲੇ ਰਸਤਿਆ ਨੂੰ ਸੀਲ ਕੀਤਾ ਗਿਆ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਸ਼ੱਕੀ ਵਿਅਕਤੀਆਂ ਨੂੰ ਰਾਊਡ ਅੱਪ ਵੀ ਕੀਤਾ ਜਾ ਰਿਹਾ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਸ ਆਪਰੇਸ਼ਨ ਦੌਰਾਨ 16 ਡਰੱਗ ਹੋਟਸਪਾਟ ਏਰੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਥਾਣਿਆਂ ਅੰਦਰ 4 ਮੁਕੱਦਮੇ ਦਰਜ ਕਰਕੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਪਾਸੋ ਹੈਰੋਇਨ ਅਤੇ ਹੋਰ ਤੇਜਥਾਰ ਹਥਿਆਰ ਬਰਾਮਦ ਕੀਤੇ ਗਏ ਹਨ। ਉਹਨਾ ਦੱਸਿਆ ਕਿ ਇਸ ਦੌਰਾਨ 04 ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਦੀਆਂ 8 ਤੋਂ ਵੱਧ ਪੁਲਿਸ ਟੀਮਾਂ, ਜਿਨ੍ਹਾਂ ਵਿੱਚ 200 ਦੇ ਕਰੀਬ ਪੁਲਿਸ ਕਰਮਚਾਰੀ ਸ਼ਾਮਲ ਸਨ, ਜਿਹਨਾ ਨੇ ਡਰੱਗ ਹੋਟਸਪਾਟ ਵਾਲੇ ਇਲਾਕਿਆਂ ਦੀ ਘੇਰਾਬੰਦੀ ਕਰਕੇ ਛਾਪੇਮਾਰੀ ਕੀਤੀ ਗਈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਪੂਰੀ ਤਰ੍ਹਾਂ ਕਾਰਗਰ ਸਾਬਤ ਹੋ ਰਹੀ ਹੈ, ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋ ਮਾਰਚ 2025 ਤੋ ਲੈ ਕੇ ਹੁਣ ਤੱਕ 470 ਮੁਕੱਦਮੇ ਦਰਜ ਕਰਕੇ 751 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਜਿਸ ਦੌਰਾਨ 10 ਕਿਲੋ ਤੋ ਜਿਆਦਾ ਹੈਰੋਇਨ, 5 ਕਿਲੋ 618 ਗ੍ਰਾਮ ਅਫੀਮ, 19 ਕੁਇੰਟਲ ਦੇ ਕਰੀਬ ਪੋਸਤ, 19 ਹਜਾਰ ਨਸ਼ੀਲੀਆ ਗੋਲੀਆ ਅਤੇ 7 ਲੱਖ ਤੋ ਜਿਆਦਾ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਫਰੀਦੋਕਟ ਪੁਲਿਸ ਵੱਲੋਂ ਸਾਲ-2025 ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਵਿਅਕਤੀਆਂ ਦੀ 2 ਕਰੋੜ 13 ਲੱਖ ਤੋ ਜਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਪਾਸੋ ਮੰਨਜੂਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ ਹੈ।