ਦੋਵੇਂ ਟੀਮਾਂ (ਮੁੰਡੇ/ਕੁੜੀਆਂ) ਵਿੱਚ ਸ਼ਾਮਲ ਰਹੇ ਪ੍ਰਭ ਆਸਰਾ, ਕੁਰਾਲ਼ੀ ਦੇ 10 ਖਿਡਾਰੀ
ਕੁਰਾਲ਼ੀ: 19 ਅਕਤੂਬਰ (ਰੋਮੀ ਘੜਾਮਾਂ/ਵਰਲਡ ਪੰਜਾਬੀ ਟਾਈਮਜ਼)
05 ਤੋਂ 09 ਅਕਤੂਬਰ ਨੂੰ ਕੇਟੀ-ਗਲੋਬਲ ਸਕੂਲ, ਖੁਰਦਾ (ਉੜੀਸਾ) ਵਿਖੇ ਹੋਈ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ: 2025-26 ਵਿੱਚ ਅਲੱਗ-ਅਲੱਗ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਲਈ ‘ਟੀਮ ਪੰਜਾਬ’ ਦੀ ਤਿਆਰੀ ਲਈ ਪ੍ਰਭ ਆਸਰਾ ਵਿਖੇ ਅਭਿਆਸ ਕੈੰਪ ਲਗਵਾਇਆ ਗਿਆ ਸੀ। ਜਿੱਥੇ ਹੋਣਹਾਰ ਕੋਚਾਂ ਬੀਬੀ ਰਾਜਿੰਦਰ ਕੌਰ, ਵਿਜੇ ਕੁਮਾਰ ਫਰੀਦਕੋਟ, ਮਾਣਿਕ ਠਾਕੁਰ ਅਤੇ ਰਮਨਦੀਪ ਵੱਲੋਂ ਸਖ਼ਤ ਟ੍ਰੇਨਿੰਗ ਕਰਵਾਈ ਗਈ। ਜਿਸ ਦੌਰਾਨ ਕੀਤੀ ਮਿਹਨਤ ਸਦਕਾ ਬੱਚਿਆਂ ਨੇ ਵਿਰੋਧੀ ਟੀਮਾਂ ਨਾਲ਼ ਫਸਵੇਂ ਮੁਕਾਬਲੇ ਕੀਤੇ। ਪੜਾਅ-ਦਰ-ਪੜਾਅ ਚੱਲੇ ਉਕਤ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੰਡਿਆਂ ਦੀ ਟੀਮ ਨੇ ਦੂਜੇ ਸਥਾਨ ‘ਤੇ ਰਹਿੰਦਿਆਂ ਚਾਂਦੀ ਦਾ ਤਮਗਾ ਅਤੇ ਕੁੜੀਆਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਦਿਆਂ ਕਾਂਸੇ ਦਾ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਪਰੋਕਤ ਟੀਮਾਂ ਵਿੱਚ ਪ੍ਰਭ ਆਸਰਾ ਦੇ 07 ਖਿਡਾਰੀਆਂ (04 ਮੁੰਡਿਆਂ ਅਤੇ 03 ਕੁੜੀਆਂ) ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸਦੇ ਨਾਲ਼ ਹੀ ਵਰਨਣ ਕਰਨਾ ਬਣਦਾ ਹੈ ਕਿ ਬੀਤੇ ਦਿਨੀ ਮੈਤ੍ਰਯੀ ਕਾਲਜ ਬਾਪੂ ਧਾਮ, ਚਾਣਕਿਆਪੁਰੀ, ਨਵੀਂ ਦਿੱਲੀ ਵਿਖੇ ਹੋਈ ਨੈਸ਼ਨਲ ਪਾਵਰ-ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਤੋਂ ਪਹੁੰਚੇ ਕੁੱਲ 08 ਭਾਗੀਦਾਰਾਂ ਵਿੱਚੋਂ 03 ਬੱਚੇ ਪ੍ਰਭ ਆਸਰਾ ਦੇ ਕੋਚਾਂ ਕਵਿਤਾ, ਕਰਨਵੀਰ ਸਿੰਘ ਗਿੱਲ, ਅਕਸ਼ੇ ਕੁਮਾਰ ਅਤੇ ਅਭਿਸ਼ੇਕ ਕੁਮਾਰ ਦੀ ਅਗਵਾਈ ਵਿੱਚ ਗਏ ਸਨ। ਜਿੰਨ੍ਹਾ ਵਿੱਚੋਂ ਅਰਸ਼ਪ੍ਰੀਤ ਕੌਰ ਨੇ ਸੋਨ ਤਮਗਾ ਅਤੇ ਸੁਰਿੰਦਰਪਾਲ ਤੇ ਜਯੋਤੀ ਬਿੱਲੋ ਨੇ ਚਾਂਦੀ ਦੇ ਤਮਗ਼ੇ ਹਾਸਲ ਕੀਤੇ ਸਨ। ਉਕਤ ਤੋਂ ਇਲਾਵਾ ਇਸੇ ਮਹੀਨੇ ਪੋਲੈਂਡ ਵਿਖੇ ਹੋਏ ਯੂਨੀਫਾਈਡ ਵਾਲੀਵਾਲ ਵਰਲਡ ਕੱਪ: 2025 ਖੇਡਣ ਲਈ ਗਈ ਕੁੜੀਆਂ ਦੀ ਭਾਰਤੀ ਟੀਮ ਵਿੱਚ ਇੱਥੋਂ ਦੀ ਖਿਡਾਰਨ ਰਾਮੋ ਦੇਵੀ ਅਹਿਮ ਸਥਾਨ ਲਈ ਚੁਣੀ ਗਈ ਸੀ। ਉਕਤ ਕੱਪ ਵਿੱਚ ਭਾਰਤੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਜਿਕਰਯੋਗ ਹੈ ਕਿ ਪ੍ਰਭ ਆਸਰਾ ਦੇ ਖਿਡਾਰੀਆਂ ਦੀ ਖੁਰਾਕ ਤੇ ਹੋਰ ਲੋੜੀਂਦੇ ਪ੍ਰਬੰਧਾਂ ਦਾ ਬੀਬੀ ਰਜਿੰਦਰ ਕੌਰ ਖੁਦ ਕੋਚ ਵਜੋਂ ਉਚੇਚੇ ਤੌਰ ‘ਤੇ ਧਿਆਨ ਰੱਖਦੇ ਹਨ ਅਤੇ ਨਿੱਤ-ਦਿਨ ਦੇ ਅਭਿਆਸ ਤੋਂ ਲੈ ਮੁਕਾਬਲਿਆਂ ਤੱਕ ਨਾਲ਼ ਹਾਜ਼ਰ ਰਹਿੰਦੇ ਹਨ।