ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੇ 14ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਇਆ ਸਮਾਗਮ

ਮਿਲਾਨ, 1 ਦਸੰਬਰ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਆਪਣੇ ਆਖ਼ਰੀ ਸਾਹਾਂ ਤੱਕ ਬੁਲੰਦ ਕਰਨ ਵਾਲੇ ਰਵਿਦਾਸੀਆ ਸਮਾਜ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੇ 14ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦਿਨੋ(ਬੈਰਗਾਮੋ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀ ਧਰਤੀ ਤੋਂ ਉੱਚੇਚੇ ਤੌਰ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪੂਰੀ ਦੁਨੀਆਂ ਵਿੱਚ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ 108 ਸੰਤ ਨਿਰੰਜਣ ਦਾਸ ਗੱੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ(ਜਲੰਧਰ)ਤੇ ਸੰਤ ਮਨਦੀਪ ਦਾਸ ਇਸ ਮਹਾਨ ਸਮਾਗਮ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚੇ।ਇਸ ਮੌਕੇ ਇਟਲੀ ਤੋਂ ਇਲਾਵਾ ਸੰਗਤਾਂ ਯੂਰਪ ਭਰ ਸਪੇਨ,ਫਰਾਂਸ ,ਅਸਟਰੀਆ,ਜਰਮਨ ਤੇ ਹਾਲੈਂਡ ਤੋ ਸੰਗਤਾਂ ਕਾਫ਼ਲਿਆਂ ਦੇ ਰੂਪ ਵਿੱਚ ਇਸ ਸ਼ਹੀਦੀ ਸਮਾਗਮ ਵਿੱਚ ਪਹੁੰਚੀਆਂ।ਇਸ ਸ਼ਹੀਦੀ ਸਮਾਗਮ ਮੌਕੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ।ਰਵਿਦਾਸੀਆ ਸਮਾਜ ਦੇ ਅਮਰ ਸ਼ਹੀਦੀ 108 ਸੰਤ ਰਾਮਾਨੰਦ ਦੇ 14ਵੇਂ ਸ਼ਹੀਦੀ ਦਿਵਸ ਮੌਕੇ ਸ਼੍ਰੀ ਗੁਰੂ ਰਵਿਦਾਸ ਦਰਬਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਵੀਦਿਨੋ(ਬੈਰਗਾਮੋ)ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ 22 ਸੋਨੇ ਦਾ 500 ਗ੍ਰਾਮ ਦੇ ਕਰੀਬ “ਹਰਿ”ਦੇ ਨਿਸ਼ਾਨ 108 ਸੰਤ ਨਿਰੰਜਨ ਦਾਸ ਤੇ ਸੰਤ ਮਨਦੀਪ ਦਾਸ ਹੁਰਾਂ ਦੀ ਰਹਿਨੁਮਾਈ ਹੇਠ ਝੁਲਾਇਆ।”ਹਰਿ”ਦੇ ਸੋਨੇ ਦੇ ਨਿਸ਼ਾਨ ਸਾਹਿਬ ਝੁਲਾਉਣ ਵਾਲਾ ਯੂਰਪ ਦਾ ਪਹਿਲਾ ਅਜਿਹਾ ਗੁਰਦੁਆਰਾ ਹੈ ਜਿੱਥੇ ਸੰਗਤ ਨੇ ਅਜਿਹੀ ਸੇਵਾ ਕੀਤੀ ਹੈ ਤੇ ਚੁਫੇਰੇ ਇਸ ਮਹਾਨ ਕਾਰਜ ਲਈ ਸ਼ਲਾਘਾ ਹੋ ਰਹੀ ਹੈ ।ਸ੍ਰੀ ਗੁਰੂ ਰਵਿਦਾਸ ਨਿਸ਼ਾਨ ਝੁਲਾਉਣ ਮੌਕੇ ਸੰਗਤਾਂ ਦਾ ਗੁਰੂ ਪ੍ਰਤੀ ਸਤਿਕਾਰ,ਉਤਸ਼ਾਹ ਤੇ ਸ਼ਰਧਾਂ ਦੇਖਣਯੋਗ ਸੀ।ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਨਾਲ ਪੂਰਾ ਇਲਾਕਾ ਗੂੰਜ ਰਿਹਾ ਸੀ।ਇਸ ਸ਼ਹੀਦੀ ਸਮਾਗਮ ਮੌਕੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ।