ਸਰੀ, 29 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇੰਗਲੈਂਡ ਸਥਿਤ ਰਾਮਗੜ੍ਹੀਆ ਸਭਾ (ਸਿੱਖ ਟੈਂਪਲ) ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਰਾਮਗੜ੍ਹੀਆ ਕੌਂਸਲ ਯੂ.ਕੇ. ਅਤੇ ਰਾਮਗੜ੍ਹੀਆ ਸਭਾਵਾਂ ਨੇ ਮਿਲ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਉਨ੍ਹਾਂ ਦਾ ਵੱਡ-ਆਕਾਰੀ ਬੁੱਤ ਡਰਬੀ ਗੁਰਦੁਆਰਾ ਸਾਹਿਬ ਦੇ ਗੇਟ ਕੋਲ ਲਾਉਣ ਦਾ ਫੈਸਲਾ 2021 ਵਿਚ ਕੀਤਾ ਸੀ। ਢਾਈ ਸਾਲ ਦੀ ਮਿਹਨਤ ਅਤੇ 145,000 ਪੌਂਡ ਦੀ ਲਾਗਤ ਨਾਲ ਤਿਆਰ ਹੋਇਆ ਇਹ ਬੁੱਤ ਘੋੜ ਅਸਵਾਰੀ ਸਮੇਤ 3 ਮੀਟਰ ਉੱਚਾ ਹੈ। ਇਸ ਬੁੱਤ ਨੂੰ ਇੰਗਲੈਂਡ ਦੀ ਸਮੁੱਚੀ ਸੰਗਤ ਵੱਲੋਂ 6 ਮਈ 2024 ਨੂੰ ਬੜੀ ਸਜ ਧਜ ਨਾਲ ਸੁਸ਼ੋਭਿਤ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਡਰਬੀ ਦਾ ਨਵਾਂ ਗੇਟ ਵੀ ਉਸਾਰਿਆ ਗਿਆ।
ਇਸ ਸਾਲ ਜੂਨ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 301ਵਾਂ ਜਨਮ ਦਿਨ ਸਰੀ ਵਿਚ ਮਨਾਇਆ ਗਿਆ ਸੀ ਤਾਂ ਉਸ ਸਮੇਂ ਤਰਲੋਚਨ ਸਿੰਘ ਸੌਂਧ ਇੰਗਲੈਂਡ ਤੋਂ ਆਏ ਡੈਲੀਗੇਟਾਂ ਨਾਲ ਇਥੇ ਨਹੀਂ ਪਹੁੰਚ ਸਕੇ ਸਨ ਅਤੇ ਹੁਣ ਉਹ ਕੈਨੇਡਾ ਪਹੁੰਚੇ ਤਾਂ ਪ੍ਰਬੰਧਕਾਂ ਨੇ ਰਾਮਗੜ੍ਹੀਆ ਸਭਾ ਡਰਬੀ ਵੱਲੋਂ ਰਾਮਗੜ੍ਹੀਆ ਵਿਰਾਸਤ ਵਿਚ ਪਾਏ ਯੋਗਦਾਨ ਲਈ ਤਰਲੋਚਨ ਸਿੰਘ ਸੌਂਧ ਨੂੰ ਸਿਰੋਪਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ।

