ਦਿਹਾੜੇ ਮੌਕੇ 9 ਅਧਿਆਪਕ ਵੀ ਕੀਤੇ ਜਾਣਗੇ ਸਨਮਾਨਿਤ : ਪ੍ਰੇਮ ਚਾਵਲਾ
ਕੋਟਕਪੂਰਾ, 19 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਮਿਤੀ 26 ਦਸੰਬਰ 2024 ਨੂੰ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਨ ਕੋਟਕਪੂਰਾ ਵਿਖੇ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਸੁਸਾਇਟੀ ਦੇ ਆਹੁਦੇਦਾਰਾਂ ਦੀ ਇੱਕ ਮੀਟਿੰਗ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੇਮ ਚਾਵਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮਨਾਥ ਅਰੋੜਾ, ਸਹਾਇਕ ਸਕੱਤਰ ਗੁਰਚਰਨ ਸਿੰਘ ਮਾਨ, ਕਾਰਜਕਾਰਨੀ ਕਮੇਟੀ ਮੈਂਬਰ ਮੁਖਤਿਆਰ ਸਿੰਘ ਮੱਤਾ, ਪ੍ਰੈਸ ਸਕੱਤਰ ਇਕਬਾਲ ਸਿੰਘ ਮੰਘੇੜਾ ਅਤੇ ਜਸਵਿੰਦਰ ਸਿੰਘ ਬਰਾੜ ਸ਼ਾਮਲ ਹੋਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸ਼ਹੀਦ ਊਧਮ ਸਿੰਘ ਜੀ ਦਾ 125 ਵਾਂ ਜਨਮ ਦਿਹਾੜਾ ਮਿਤੀ 26 ਦਸੰਬਰ 2024 ਦਿਨ ਵੀਰਵਾਰ ਨੂੰ ਸਵੇਰੇ ਠੀਕ 10:30 ਵਜੇ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਕੋਟਕਪੂਰਾ ਵਿਖੇ ਮਨਾਇਆ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਮੈਡਮ ਪ੍ਰਭਜੋਤ ਕੌਰ ਸੇਵਾ ਮੁਕਤ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਮੁਕਤਸਰ ਸਾਹਿਬ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਅੰਮ੍ਰਿਤਪਾਲ ਕੌਰ ਸੇਵਾ ਮੁਕਤ ਪ੍ਰਿੰਸੀਪਲ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਹੋਣਗੇ । ਸਮਾਗਮ ਦੌਰਾਨ ਪਿਛਲੀਆਂ ਰਵਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੇ 9 ਅਧਿਆਪਕ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸੁਸਾਇਟੀ ਦੇ ਪੀ ਆਰ ਓ ਪ੍ਰੋਫੈਸਰ ਹਰਬੰਸ ਸਿੰਘ ਪਦਮ ਦੇ ਯਤਨਾਂ ਸਦਕਾ ਸੁਸਾਇਟੀ ਦਾ ਸਾਲ 2025 ਦਾ ਤਿਆਰ ਕੀਤਾ ਗਿਆ ‘ਕੈਲੰਡਰ’ ਜਾਰੀ ਕੀਤਾ ਜਾਵੇਗਾ।

