ਫਰੀਦਕੋਟ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ)
ਬੀਤੇ ਦਿਨੀ ਰਾਸ਼ਟਰੀ ਕਾਵਿ ਸਾਗਰ ਪਟਿਆਲਾ ਦੇ ਉੁੱਦਮ ਸਦਕਾ ਕਿਤਾਬ ਲੋਕ ਅਰਪਣ ਅਤੇ ਕਵੀ ਦਰਬਾਰ ਪਟਿਆਲਾ ਦੇ ਰੋਟਰੀ ਕਲੱਬ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਮੈਡਮ ਗੁਰਚਰਨ ਕੋਚਰ ਨੇ ਕੀਤੀ।ਇਸ ਸਮਾਗਮ ਵਿੱਚ ਲੋਕਲ ਸਾਹਿਤਕਾਰਾਂ , ਕਵੀਆਂ ਤੇ ਬੁੱਧੀਜੀਵੀਆਂ ਤੋਂ ਇਲਾਵਾ ਦੂਰ ਨੇੜੇ ਤੋਂ ਆਏ ਬੁੱਧੀਜੀਵੀਆਂ , ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਸ੍ਰੀਮਤੀ ਆਸ਼ਾ ਸ਼ਰਮਾ ਪਟਿਆਲਾ ਦੇ ਵਿਸ਼ੇਸ਼ ਸੱਦੇ ਤੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਜਨਰਲ ਸਕੱਤਰ ਇਕਬਾਲ ਘਾਰੂ ਅਤੇ ਸਭਾ ਦੇ ਸਹਾਇਕ ਪ੍ਰਚਾਰ ਸਕੱਤਰ ਪ੍ਰਸਿੱਧ ਨੌਜਵਾਨ ਲੇਖਕ ਵਤਨਵੀਰ ਜ਼ਖਮੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਅਤੇ ਸਭਾ ਦੀ ਨੁਮਾਇੰਦਗੀ ਕੀਤੀ। ਹਾਜ਼ਰ ਦੋਵਾਂ ਲੇਖਕਾਂ ਨੇ ਆਪਣੀਆਂ ਚਰਚਿਤ ਰਚਨਾਵਾਂ ਸੁਣਾ ਕੇ ਕਵੀ ਦਰਬਾਰ ਵਿੱਚ ਖੂਬ ਰੰਗ ਬਿਖੇਰਿਆ ਅਤੇ ਭਰੇ ਪੰਡਾਲ ਚੋ ਵਾਹਵਾ ਖੱਟੀ। ਸਮਾਗਮ ਦੇ ਅਖੀਰ ਵਿੱਚ ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਕਵਿੱਤਰੀ ਆਸ਼ਾ ਸ਼ਰਮਾ ਜੀ ਨੇ ਇਕਬਾਲ ਘਾਰੂ ਅਤੇ ਵਤਨਵੀਰ ਜ਼ਖਮੀ ਨੂੰ ਸਨਮਾਨ ਪੱਤਰ ਅਤੇ ਆਪਣੀਆਂ ਲੋਕ ਅਰਪਣ ਹੋਈਆਂ ਕਿਤਾਬਾਂ ਦਾ ਇੱਕ ਇੱਕ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਇਸ ਸਾਹਿਤਕ ਸਮਾਗਮ ਵਿੱਚ ਪਹੁੰਚਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਸ੍ਰੀ ਇਕਬਾਲ ਘਾਰੂ ਅਤੇ ਵਤਨਵੀਰ ਜ਼ਖਮੀ ਨੇ ਰਾਸ਼ਟਰੀ ਕਾਵਿ ਸਾਗਰ ਪਟਿਆਲਾ ਵੱਲੋਂ ਮਿਲੇ ਇਸ ਮਾਨ ਸਨਮਾਨ ਲਈ ਪ੍ਰਧਾਨ ਆਸ਼ਾ ਸ਼ਰਮਾ , ਜਨਰਲ ਸਕੱਤਰ ਉਮਾ ਸ਼ਰਮਾ ਅਤੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
