ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਹਰੇਕ ਪੇਂਡੂ ਮਜ਼ਦੂਰ ਨੂੰ ਜੇਕਰ ਨਿਯਮਾਂ ਅਨੁਸਾਰ 100 ਦਿਨ ਕੰਮ ਨਹੀਂ ਦਿੱਤਾ ਗਿਆ ਤਾਂ ਮਜ਼ਦੁਰਾਂ ਨੂੰ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ। ਇਹ ਚਿਤਾਵਨੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੱਪੀ ਸਿੰਘ ਢਿੱਲਵਾਂ, ਗੋਰਾ ਸਿੰਘ ਪਿੱਪਲੀ ਸਕੱਤਰ, ਰੇਸ਼ਮ ਸਿੰਘ ਜਟਾਣਾ ਅਤੇ ਰੇਸ਼ਮ ਸਿੰਘ ਮੱਤਾ ਨੇ ਜ਼ਿਲੇ ਦੇ ਪਿੰਡ ਮੱਤਾ ਵਿੱਚ ਨਰੇਗਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਕੀਤੀ ਗਈ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਦਿੱਤੀ। ਨਰੇਗਾ ਆਗੂਆਂ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਸਿਰਫ਼ ਪੰਜ-ਛੇ ਦਿਨ ਕੰਮ ਮਿਲਣ ਮਗਰੋਂ ਦੋ-ਦੋ ਮਹੀਨੇ ਲਈ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਮਨਰੇਗਾ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕੰਮਾਂ ਵਿੱਚ ਰਾਜਨੀਤਿਕ ਵਿਤਕਰੇਬਾਜ਼ੀ ਅਤੇ ਰਾਜਨੀਤਿਕ ਦਖ਼ਲ ਬੰਦ ਕੀਤਾ ਜਾਵੇ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।