ਮਿ੍ਤਕ ਦੇ ਮਾਸੂਮ ਬੱਚੇ ਹੀ ਲਾਸ਼ ਵਾਲੀ ਰੇਹੜੀ ਨੂੰ ਧੱਕਾ ਲਾ ਕੇ ਲੈ ਗਏ ਹਸਪਤਾਲ!
ਫਰੀਦਕੋਟ, 28 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ ਆਮ ਲੋਕਾਂ ਨੂੰ ਦੇਣ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਪ੍ਰਵਾਸੀ ਮਜਦੂਰ ਵਲੋਂ ਫਰੀਦਕੋਟ ਵਿਖੇ ਐਂਬੂਲੈਂਸ ਦੀ ਬਜਾਇ ਆਪਣੇ ਰਿਸ਼ਤੇਦਾਰ ਦੀ ਲਾਸ਼ ਰੇਹੜੀ ‘ਤੇ ਲਿਜਾਣ ਦੀ ਖਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਿਨੇਸ਼ ਬਿੰਦ ਪਿਛਲੇ ਕਾਫੀ ਸਮੇਂ ਤੋਂ ਫਰੀਦਕੋਟ ਦੀ ਜੋਤਰਾਮ ਕਲੋਨੀ ‘ਚ ਰਹਿ ਰਿਹਾ ਸੀ ਅਤੇ ਉਸ ਦੇ ਪੰਜ ਬੱਚੇ ਹਨ | ਮਿ੍ਤਕ ਦੇ ਰਿਸ਼ਤੇਦਾਰਾਂ ਨਿਰਬੋਧ ਗੋਬਿੰਦ ਅਤੇ ਗੌਤਮ ਨੇ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਦਿਨੇਸ਼ ਬਿੰਦ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਜਦੋਂ ਉਹਨਾਂ ਮਿ੍ਤਕ ਦੀ ਲਾਸ਼ ਲਈ ਐਂਬੁਲੈਂਸ ਬੁਲਾਉਣ ਸਬੰਧੀ ਪੁਲਿਸ ਨੂੰ ਬੇਨਤੀ ਕੀਤੀ ਤਾਂ ਪੁਲਿਸ ਨੇ ਆਖਿਆ ਕਿ ਰੇਹੜੀ ‘ਤੇ ਹੀ ਲਾਸ਼ ਹਸਪਤਾਲ ਲੈ ਜਾਉ | ਉਕਤ ਮਾਮਲੇ ਦਾ ਦੁਖਦ ਪਹਿਲੂ ਇਹ ਵੀ ਹੈ ਕਿ ਮਿ੍ਤਕ ਦੀ ਲਾਸ਼ ਵਾਲੀ ਰੇਹੜੀ ਨੂੰ ਉਸਦੇ ਬੱਚੇ ਹੀ ਧੱਕਾ ਲਾ ਕੇ ਤੋਰ ਰਹੇ ਸਨ | ਰੇਲਵੇ ਸਟੇਸ਼ਨ ਦੇ ਐਸਐਚਓ ਕੁਲਦੀਪ ਚੰਦ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਦਿਨੇਸ਼ ਬਿੰਦ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਸਮੇਂ ਸਿਰ ਐਂਬੂਲੈਂਸ ਨਹੀਂ ਮਿਲੀ, ਜਿਸ ਕਾਰਨ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਜਾਣਾ ਪਿਆ | ਐਂਬੂਲੈਂਸ ਦਾ ਇੰਤਜ਼ਾਰ ਕਰਨ ਦੌਰਾਨ ਲਾਸ਼ ਦੇ ਸੜਨ ਦਾ ਖਤਰਾ ਬਣਿਆ ਹੋਇਆ ਸੀ | ਦਿਨੇਸ਼ ਬਿੰਦ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆਂ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦਿਨੇਸ਼ ਬਿੰਦ ਪਿਛਲੇ ਕੁਝ ਦਿਨਾਂ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਅਤੇ ਉਸ ਨੇ ਮੌਤ ਤੋਂ ਪਹਿਲਾਂ ਕਾਫੀ ਸ਼ਰਾਬ ਪੀਤੀ ਹੋਈ ਸੀ |