ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਉਣ ਵਾਲੇ ਸਮੇਂ ਦੌਰਾਨ ਪੈਣ ਵਾਲੀ ਭਾਰੀ ਧੁੰਦ ਦੀ ਸੰਭਾਵਨਾ ਨੂੰ ਲੈ ਕੇ ਰੇਲਵੇ ਵਿਭਾਗ ਵੱਲੋਂ ਕਈ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਕੇਸ਼ ਮੀਨਾ ਸਟੇਸ਼ਨ ਮਾਸਟਰ ਕੋਟਕਪੂਰਾ ਨੇ ਦੱਸਿਆ ਕਿ ਗੱਡੀ ਨੰਬਰ-74981 ਜੋ ਸਵੇਰੇ 4:25 ’ਤੇ ਕੋਟਕਪੂਰਾ ਤੋਂ ਫਾਜ਼ਿਲਕਾ ਜਾਂਦੀ ਹੈ ਅਤੇ ਗੱਡੀ ਨੰਬਰ 74986 ਜੋ ਸਵੇਰੇ 4:20 ’ਤੇ ਕੋਟਕਪੂਰਾ ਤੋਂ ਬਠਿੰਡਾ ਜਾਂਦੀ ਹੈ, ਨੂੰ 1 ਦਸੰਬਰ 2025 ਤੋਂ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਗੱਡੀ ਨੰਬਰ-74987 ਜੋ ਰਾਤ 9:15 ਵਜੇ ਕੋਟਕਪੂਰਾ ਤੋਂ ਫਾਜ਼ਿਲਕਾ ਜਾਂਦੀ ਹੈ ਅਤੇ ਗੱਡੀ ਨੰਬਰ-74984 ਜੋ ਰਾਤ 10:00 ਵਜੇ ਫਾਜ਼ਿਲਕਾ ਤੋਂ ਚੱਲ ਕੇ ਕੋਟਕਪੂਰਾ ਆਉਂਦੀ ਹੈ, ਇਹ ਰੇਲਗੱਡੀਆਂ ਵੀ ਰੱਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅਜਮੇਰ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਨੰਬਰ-19611 ਵੀ 1 ਦਸੰਬਰ 2025 ਤੋਂ ਰੱਦ ਕੀਤੀ ਗਈ ਹੈ। ਇਸ ਤੋਂ ਇਲਾਵਾ ਲਾਲਗੜ ਤੋਂ ਗੁਹਾਟੀ ਜਾਣ ਵਾਲੀ ਰੇਲਗੱਡੀ ਨੰਬਰ-15910 ਹਫਤੇ ਵਿੱਚ ਸਿਰਫ ਇਕ ਦਿਨ ਹੀ ਚੱਲੇਗੀ। ਉਨ੍ਹਾਂ ਦੱਸਿਆ ਕਿ 1 ਦਸੰਬਰ ਤੋਂ ਰੱਦ ਕੀਤੀਆਂ ਗਈਆਂ ਇਹ ਸਾਰੀਆਂ ਰੇਲਗੱਡੀਆਂ 28 ਫਰਵਰੀ 2026 ਤੱਕ ਧੁੰਦ ਕਾਰਨ ਰੱਦ ਰਹਿਣਗੀਆਂ।
