ਹੈਂਡਬਾਲ ਕੋਚ ਚਰਨਜੀਵ ਸਿੰਘ ਮਾਈਕਲ ਦਾ ਕੀਤਾ ਵਿਸ਼ੇਸ਼ ਸਨਮਾਨ
ਕੋਟਕਪੂਰਾ, 31 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵਾ ਖੇਤਰ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵਲੋਂ ਅੱਜ ਨੈਸ਼ਨਲ ਖੇਡ ਦਿਵਸ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਪ੍ਰਭਾਵਾਸ਼ਲੀ ਸਮਾਗਮ ਦੌਰਾਨ ਮਨਾਇਆ ਗਿਆ। ਨੈਸ਼ਨਲ ਖੇਡ ਦਿਵਸ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਇਸ ਮੌਕੇ ‘ਸ਼ਾਹੀ ਹਵੇਲੀ’ ਦੇ ਮੈਨੇਜਿੰਗ ਡਾਇਰੈਕਟਰ ਆਰਸ਼ ਸੱਚਰ ਨੇ ਸਮਾਗਮ ਵਿੱਚ ਪਹੁੰਚੇ ਚਰਨਜੀਵ ਸਿੰਘ ਮਾਈਕਲ ਹੈਂਡਬਾਲ ਕੋਚ, ਵੱਖ-ਵੱਖ ਖੇਡਾਂ ਦੇ 10 ਖਿਡਾਰੀਆਂ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਜੀ ਆਇਆ ਨੂੰ ਆਖਿਆ। ਉਨਾਂ ਦੱਸਿਆ ਕਿ ਰੋਟਰੀ ਪੂਰੇ ਸੰਸਾਰ ’ਚ 24 ਘੰਟੇ ਮਾਨਵਤਾ ਦੀ ਭਲਾਈ ਵਾਸਤੇ ਦਿਨ-ਰਾਤ ਕਾਰਜ ਕਰਦਾ ਹੈ। ਉਨਾਂ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਸਮਾਜ ਵਿੱਚ ਪੋਲੀਓ ਦੇ ਖਾਤਮੇ ਵਾਸਤੇ ਮੋਹਰੀ ਰਹਿ ਕੇ ਅਹਿਮ ਭੂਮਿਕਾ ਅਦਾ ਕੀਤੀ ਹੈ। ਕਲੱਬ ਦੇ ਸਕੱਤਰ ਅਸਵਨੀ ਬਾਂਸਲ ਨੇ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਹੋ ਸਕਦਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਸਭ ਤੋਂ ਪਹਿਲਾਂ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨਾਂ ਕਿਹਾ ਕਿ ਖੇਡਾਂ ਸਹਿਜ-ਸੁਭਾਅ ਸਾਡੇ ਅੰਦਰ ਬਹੁਤ ਸਾਰੇ ਗੁਣ ਪੈਦਾ ਕਰਦੀਆਂ ਹਨ ਅਤੇ ਸਮੇਂ ਨਾਲ ਉਹ ਵਿਕਸਿਤ ਹੋ ਜਾਂਦੇ ਹਨ। ਇਸ ਮੌਕੇ ਅਸ਼ੋਕ ਸੱਚਰ ਨੇ ਸਭ ਨੂੰ ਖੇਡ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਪ੍ਰਾਪਤੀਆਂ ਵਾਸਤੇ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਵੱਖ-ਵੱਖ ਖੇਡਾਂ ’ਚ ਨੈਸ਼ਨਲ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ 10 ਖਿਡਾਰੀਆਂ ਨੂੰ ਪ੍ਰਮਾਣ ਪੱਤਰ ਤੇ ਗਿਫ਼ਟ ਦੇ ਕੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਨਮਾਨਿਤ ਕੀਤਾ ਗਿਆ। ਇਸ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਲੱਬ ਵੱਲੋਂ ਸਮਾਜ ਅੰਦਰ ਵਧੀਆ ਕਾਰਜ ਕਰਨ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਉਨਾਂ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਰੋਟਰੀ ਕਲੱਬ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨਾਂ ਦੱਸਿਆ ਕਲੱਬ ਵਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਵੀ ਅਧਿਆਪਨ ਖੇਤਰ ’ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਪ੍ਰੋਜੈਕਟ ਚੇਅਰਮੈਨ ਨੇ ਨਿਭਾਉਂਦਿਆਂ ਖਿਡਾਰੀਆਂ ਨੂੰ ਖੇਡ ਖੇਤਰ ’ਚ ਆਪਣਾ ਕਰੀਅਰ ਬਣਾਉਣ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਸੀਨੀਅਰ ਰੋਟੇਰੀਅਨ ਅਸ਼ੋਕ ਕੁਮਾਰ ਸੱਚਰ, ਪਵਨ ਕੁਮਾਰ ਵਰਮਾ ਖਜ਼ਾਨਚੀ, ਪਿ੍ਰਤਪਾਲ ਸਿੰਘ ਕੋਹਲੀ, ਭਾਰਤ ਭੂਸ਼ਨ ਸਿੰਗਲਾ, ਰਾਜਨ ਨਾਗਪਾਲ, ਕੇਵਲ ਕਿ੍ਰਸ਼ਨ ਕਟਾਰੀਆ, ਕੇ.ਪੀ. ਸਿੰਘ ਸਰਾਂ ਮੈਬਰਾਂ ਨੇ ਮਿਲ ਕੇ ਨੈਸ਼ਨਲ ਖੇਡਾਂ ਵਿੱਚ ਗੋਆ ਵਿਖੇ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਵਾਲੀ ਗੁਰਸ਼ਰਨ ਕੌਰ, ਸੀਨੀਅਰ ਨੈਸ਼ਨਲ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਰਜਨਦੀਪ ਕੌਰ, ਕਬੱਡੀ ’ਚ ਨੈਸ਼ਨਲ ਪੱਧਰ ਤੇ ਕਾਂਸੀ ਦੇ ਤਗਮੇ ਜਿੱਤਣ ਵਾਲੀਆਂ ਸਿਮਰਨਜੀਤ ਕੌਰ, ਜਸਪਿੰਦਰ ਕੌਰ, ਕੁਲਬੀਰ ਕੌਰ ਨੂੰ, ਸਬ ਜੂਨੀਅਰ ਹੈਂਡਬਾਲ ਨੈਸ਼ਨਲ ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗਮੇ ਜਿੱਤਣ ਵਾਲੀਆਂ ਪ੍ਰੀਤੀ, ਰਜਨੀ, ਖੁਸ਼ਪ੍ਰੀਤ ਕੌਰ ਨੂੰ, ਹੈਂਡਬਾਲ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਪਿ੍ਰੰਸ ਕੁਮਾਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੋਚ ਚਰਨਜੀਵ ਸਿੰਘ ਮਾਈਕਲ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਦੇ ਸਨਮਾਨ ’ਚ ਚਾਹ-ਪਾਰਟੀ ਵੀ ਕੀਤੀ ਗਈ।