ਸਾਢੇ ਪੰਜ ਗ੍ਰਾਮ ਹਿਮੋਗਲੋਬਿਨ ਵਾਲ਼ਾ ਮਰੀਜ਼ ਕੀਤਾ ਪੀ.ਜੀ.ਆਈ. ਰੈਫਰ
ਰੋਪੜ, 23 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਿਹਤ ਸੇਵਾਵਾਂ ਦੇ ਵੱਡੇ ਵੱਡੇ ਦਮਗਜੇ ਮਾਰਨ ਵਾਲ਼ੀ ਪੰਜਾਬ ਸਰਕਾਰ ਦੀਆਂ ਐਮਰਜੈਂਸੀ ਸੇਵਾਵਾਂ ਦੀ ਖਸਤਾ ਹਾਲਤ ਤਸਵੀਰ ਅੱਜ ਰੋਪੜ ਵਿਖੇ ਵੇਖਣ ਨੂੰ ਮਿਲੀ। ਜਿੱਥੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਕਿਸੇ ਪ੍ਰਾਈਵੇਟ ਡਾਕਟਰ ਵੱਲੋਂ ਖੂਨ ਚੜ੍ਹਵਾਉਣ ਦੀ ਪਰਚੀ ਲੈ ਕੇ ਪਹੁੰਚੇ ਰਵੀ ਕੁਮਾਰ ਵਾਸੀ ਪਿੰਡ ਤਖਤਗੜ੍ਹ ਨੂੰ ਪਹਿਲਾਂ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਆਉਣ ਲਈ ਕਹਿ ਕੇ ਮੋੜ ਦਿੱਤਾ ਗਿਆ। ਮਹਿਜ ਸਾਢੇ ਪੰਜ ਗ੍ਰਾਮ ਹਿਮੋਗਲੋਬਿਨ ਵਾਲ਼ਾ ਉਕਤ 26 ਸਾਲਾ ਮਰੀਜ਼ ਜਦੋਂ ਅੱਜ ਐਤਵਾਰ ਨੂੰ ਜਿਆਦਾ ਤਕਲੀਫ਼ ਮਹਿਸੂਸ ਕਰਨ ‘ਤੇ ਦੁਬਾਰਾ ਗਿਆ ਤਾਂ ਫੇਰ ਤੋਂ ਸੋਮਵਾਰ ਆਉਣ ਦੀ ਗੱਲ ਦੁਹਰਾਈ ਗਈ। ਨਾਲ਼ ਆਏ ਮਦਦਗਾਰਾਂ ਵੱਲੋਂ ਕੋਈ ਢੁੱਕਵਾਂ ਹੱਲ ਕੱਢਣ ਲਈ ਕਹਿਣ ‘ਤੇ ਮੌਕੇ ‘ਤੇ ਤਾਇਨਾਤ ਈ.ਐੱਮ.ਓ. ਵੱਲੋਂ ਆਪਣੇ ਸੀਨੀਅਰ ਡਾਕਟਰ ਨਾਲ਼ ਫੋਨ ‘ਤੇ ਸਲਾਹ ਕਰਕੇ ਪੀ.ਜੀਆਈ. ਰੈਫਰ ਕਰ ਦਿੱਤਾ ਗਿਆ ਜਦਕਿ ਐਮਰਜੈਂਸੀ ਵਾਰਡ ਵਿੱਚ ਬਲੱਡ ਬੈਂਕ ਵੀ ਖੁੱਲ੍ਹੀ ਸੀ ਅਤੇ ਉੱਥੇ ਇੱਕ ਕੰਮਕਾਜੀ ਮਹਿਲਾ ਮੁਲਾਜ਼ਮ ਵੀ ਹਾਜਰ ਸੀ।