ਅਮਲੀ ਕਿਸੇ ਨੂੰ ਕਹਿਣ ਨੀਂ ਦੇਣਾ, ਨਸ਼ਾ ਪੰਜਾਬ ’ਚ ਰਹਿਣ ਨਹੀਂ ਦੇਣਾ
ਯੂਥ ਆਈਕਨ ਮੁਕਾਬਲੇ ’ਚ ਆਜ਼ਾਦਵੀਰ ਸਿੰਘ ਅਤੇ ਰਣਦੀਪ ਕੌਰ ਨੇ ਬਾਜ਼ੀ ਮਾਰੀ
ਫ਼ਰੀਦਕੋਟ, 13 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਡਾਇਰੈਕਟਰ ਐਸ.ਸੀ.ਈ.ਆਰ.ਟੀ.ਪੰਜਾਬ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ ਦੀ ਯੋਗ ਸਰਪ੍ਰਸਤੀ, ਪਿ੍ਰੰਸੀਪਲ ਮਨਿੰਦਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੋੜੀ-ਡੱਗੋਰੋਮਾਣਾ ਵਿਖੇ ਅੰਤਰਰਾਸ਼ਟਰੀ ਯੂਥ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ’ਚ ਨੋਡਲ ਅਫਸਰ ਸੰਦੀਪ ਕੁਮਾਰ ਅਤੇ ਰਮਨਦੀਪ ਕੌਰ ਦੀ ਕੋਡੀਨੇਸ਼ਨ ਅਤੇ ਗਾਈਡੈਂਸ ਅਧੀਨ ਵਿਦਿਆਰਥੀਆਂ ਨੇ ਜਿੱਥੇ ਨਸ਼ਿਆਂ ਤੋਂ ਦੂਰ ਰਹਿਣ ਲਈ ਪੇਂਟਿੰਗ ਅਤੇ ਸਲੋਗਨ ਮੁਕਾਬਲਿਆਂ ਅੰਦਰ ਭਾਗ ਲਿਆ ਉੱਥੇ ਨਾਟਕ ਅਤੇ ਕਵਿਤਾਵਾਂ ਦੀ ਮਨਮੋਹਕ ਪੇਸ਼ਕਾਰੀ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਆਪਣੇ ਸਾਥੀਆਂ ਤੱਕ ਪੁੱਜਦਾ ਕੀਤਾ। ਸਕੂਲ ਵਿਦਿਆਰਥੀਆਂ ਦੇ ਨਾਮ ਆਪਣੇ ਸੁਨੇਹੇ ’ਚ ਪਿ੍ਰੰਸੀਪਲ ਮਨਿੰਦਰ ਕੌਰ ਨੇ ਦੱਸਿਆ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਸੁਹਿਰਦ ਸੋਚ ਸਦਕਾ ਪੰਜਾਬ ਰਾਜ ਅੰਤਰਰਾਸ਼ਟਰੀ ਬਾਰਡਰ ਤੇ ਬਾਜ ਅੱਖ ਨਾਮਕ ਐਂਟੀ ਡਰੋਨ ਸਿਸਟਮ ਏਡੀਐਸ ਪ੍ਰਣਾਲੀ ਨੂੰ ਤੈਨਾਤ ਕਰਨ ਵਾਲਾ ਦੇਸ ਦਾ ਪਹਿਲਾ ਰਾਜ ਬਣ ਗਿਆ ਹੈ। ਹੁਣ ਬਾਰਡਰ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਡਰੋਨ ਅਧਾਰਤ ਤਸਕਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਮੁਕਾਬਲਾ ਆਸਾਨ ਹੋ ਗਿਆ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਆਰ-ਪਾਰ ਦੀ ਲੜਾਈ ਛੇੜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਨੂੰ ਕਹੋ ਨਾਂਹ, ਥੀਮ ਤੇ ਨਸ਼ਾ ਮੁਕਤੀ ਪਾਠਕ੍ਰਮ ਅਨੁਸਾਰ ਹੁਣ ਤੋਂ ਇੰਟਰੈਕਟਿਵ ਲੈਕਚਰ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਨੁੱਕੜ ਨਾਟਕ ਖੇਡਦਿਆਂ ਵਿਦਿਆਰਥੀਆਂ ਨੇ ਨਸ਼ਾ ਮੁਕਤੀ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਵਿਸ਼ੇਸ਼ ਉੱਦਮ ਕੀਤਾ। 100 ਤੋਂ ਵੱਧ ਵਿਦਿਆਰਥੀਆਂ ਨੇ ਆਪਣੀਆਂ ਪੇਂਟਿੰਗ ਅਤੇ ਸਲੋਗਨ ਰਾਹੀਂ ਨਸ਼ਿਆਂ ਤੋਂ ਸਦਾ ਲਈ ਮੁਕਤ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਪੇਂਟਿੰਗ ਮੁਕਾਬਲੇ ’ਚ ‘ਅੱਗੇ ਲੱਗੇ ਨਸ਼ਿਆਂ ਦੇ ਵਪਾਰ ਨੂੰ,ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ, ਨਸ਼ਿਆਂ ਨਾਲ ਤੋੜੋ ਯਾਰੀ-ਜੀਵਨ ਨਾਲ ਜੋੜੋ ਯਾਰੀ, ਆਓ ਮਿਲ ਕੇ ਅਭਿਆਨ ਚਲਾਈਏ-ਨਸ਼ਾ ਮੁਕਤ ਪੰਜਾਬ ਬਣਾਈਏ ਦੌਰਾਨ ਪ੍ਰੀਤਮ ਸਿੰਘ, ਖੁਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤੇ। ਕਵਿਤਾ ਮੁਕਾਬਲੇ ’ਚ ਲਕਸ਼ਮੀ ਨੇ ਪਹਿਲਾ ਅਤੇ ਪ੍ਰੀਤਮ ਨੇ ਦੂਜਾ ਸਥਾਨ ਹਾਸਿਲ ਕੀਤਾ। ਯੂਥ ਆਈਕਨ ਮੁਕਾਬਲੇ ਦੌਰਾਨ ਆਜ਼ਾਦ ਵੀਰ ਸਿੰਘ ਨੇ ਲੜਕਿਆਂ ’ਚੋਂ ਅਤੇ ਰਣਦੀਪ ਕੌਰ ਨੇ ਲੜਕੀਆਂ ’ਚੋਂ ਬਾਜ਼ੀ ਮਾਰੀ। ਇਹਨਾਂ ਦੋਵੇਂ ਵਿਦਿਆਰਥੀਆਂ ਨੇ ਸਕੂਲ ਅੰਦਰ ਅਕਾਦਮਿਕ, ਸਮਾਜਿਕ ਗਤੀਵਿਧੀਆਂ, ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਯਤਨ, ਵਾਤਾਵਰਨ ਸੰਭਾਲ ਟਿਕਾਊ ਵਿਕਾਸ ਅਤੇ ਹੋਰ ਕਈ ਮਾਮਲਿਆਂ ’ਚ ਸ਼ਾਨਦਾਰ ਪ੍ਰਾਪਤੀਆਂ ਸਦਕਾ ਯੂਥ ਆਈਕਨ ਲਈ ਚੋਣ ਕੀਤੀ ਗਈ ਲਈ ਚੁਣੇ ਗਏ। ਅੰਤ ’ਚ ਪਿ੍ਰੰਸੀਪਲ ਮਨਿੰਦਰ ਕੌਰ ਵੱਲੋਂ ਸਮੂਹ ਸਟਾਫ, ਮਿਡ-ਡੇ-ਮੀਲ ਸਟਾਫ, ਕੈਂਪਸ ਮੈਨੇਜਰ, ਨਾਨ ਟੀਚਿੰਗ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ ਗਿਆ ਕਿ ਅਸੀਂ ਸਾਰੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਤਨਦੇਹੀ ਨਾਲ ਨਸ਼ਿਆਂ ਖਿਲਾਫ ਇੱਕਜੁੱਟ ਹਾਂ। ਨਸ਼ਾ ਵੇਚਣ ਵਾਲਿਆਂ ਦੀ ਤੁਰੰਤ ਪੰਜਾਬ ਸਰਕਾਰ ਦੀ ‘ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ’ ਨੰਬਰ ਤੇ ਸੂਚਿਤ ਕਰਨਾ ਯਕੀਨੀ ਬਣਾਵਾਂਗੇ। ਇਸ ਉਪਰੰਤ ਸਮੂਹ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮਨਿੰਦਰਪਾਲ ਕੌਰ, ਰਜਿੰਦਰ ਕੌਰ, ਪ੍ਰੀਤੀ ਗੋਇਲ, ਆਂਚਲ, ਪਰਮਿੰਦਰ ਕੌਰ, ਬੰਦਨਾ ਰਾਣੀ, ਗਗਨਦੀਪ ਕੁਮਾਰ, ਕੁਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ, ਧਰਮਿੰਦਰ ਸਿੰਘ, ਧਰਮਿੰਦਰ ਸਲੋਤਰਾ, ਨੀਰਜ ਦੇਵਗਣ, ਬਲਜੀਤ ਸਿੰਘ, ਰੌਸਨ ਲਾਲ ਨੇ ਅਹਿਮ ਭੂਮਿਕਾ ਅਦਾ ਕੀਤੀ।